ਡੈਸਕ- ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ 3 ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਖਿਲਾਫ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ। ਕੁਲਗਾਮ ਜ਼ਿਲੇ ਦੇ ਹਲਾਨ ਜੰਗਲੀ ਖੇਤਰ ਦੇ ਉੱਚੇ ਇਲਾਕਿਆਂ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਫੌਜ ਨੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ‘ਚ ਕੁਲਗਾਮ ਪੁਲਿਸ ਵੀ ਸ਼ਾਮਲ ਸੀ।
ਮੁਹਿੰਮ ਦੌਰਾਨ ਸ਼ੁੱਕਰਵਾਰ ਦੀ ਸ਼ਾਮ ਨੂੰ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ ‘ਚ 3 ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ।
ਅੱਤਵਾਦੀਆਂ ਨਾਲ ਜਵਾਨਾਂ ਦਾ ਮੁਕਾਬਲਾ ਅਜਿਹੇ ਸਮੇਂ ‘ਚ ਹੋ ਰਿਹਾ ਹੈ ਜਦੋਂ ਅੱਜ 5 ਅਗਸਤ ਨੂੰ ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਦੇ 4 ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ ਭਾਜਪਾ ਨੇ ਸ੍ਰੀਨਗਰ ਵਿੱਚ ਜਿੱਤ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਸਵੇਰੇ 9.30 ਵਜੇ ਨਹਿਰੂ ਪਾਰਕ ਤੋਂ ਸ਼ੁਰੂ ਹੋ ਕੇ ਇਹ ਜਿੱਤ ਮਾਰਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਪਹੁੰਚੇਗਾ। ਇਸ ਦੇ ਨਾਲ ਹੀ ਸਾਵਧਾਨੀ ਵਜੋਂ ਅਮਰਨਾਥ ਯਾਤਰਾ ਸ਼ਨੀਵਾਰ (5 ਅਗਸਤ) ਨੂੰ ਮੁਲਤਵੀ ਕਰ ਦਿੱਤੀ ਗਈ ਹੈ।