ਬੇਕਾਬੂ ਹੋਈ ਕੈਨੇਡਾ-ਅਮਰੀਕਾ ਸਰਹੱਦ ’ਤੇ ਲੱਗੀ ਜੰਗਲ ਦੀ ਅੱਗ, ਸੈਂਕੜੇ ਲੋਕਾਂ ਨੂੰ ਦਿੱਤੇ ਗਏ ਘਰ ਛੱਡਣ ਦੇ ਹੁਕਮ

Victoria- ਬ੍ਰਿਟਿਸ਼ ਕੋਲੰਬੀਆ ਦੇ ਓਸੋਯੋਸ ਦੇ ਨੇੜੇ ਜੰਗਲ ’ਚ ਲੱਗੀ ਅੱਗ ਦੇ ਬੇਕਾਬੂ ਹੋਣ ਮਗਰੋਂ ਅਧਿਕਾਰੀਆਂ ਨੇ ਸੈਂਕੜੇ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਦਿੱਤੇ ਹਨ। ਈਗਲ ਬਲਫ਼ ਜੰਗਲ ਦੀ ਅੱਗ, ਜਿਸ ਨੂੰ ਕਿ ਪਹਿਲਾਂ ਲੋਨ ਪਾਈਨ ਕ੍ਰੀਕ ਕਿਹਾ ਜਾਂਦਾ ਸੀ, ਨੇ ਬੀਤੇ ਸ਼ਨੀਵਾਰ ਨੂੰ ਕੈਨੇਡਾ-ਅਮਰੀਕਾ ਸਰਹੱਦ ਨੂੰ ਪਾਰ ਕਰ ਲਿਆ। ਕੈਨੇਡਾ ਵਾਲੇ ਪਾਸੇ ਐਤਵਾਰ ਤੱਕ ਇਸਨੇ 885 ਹੈਕਟੇਅਰ ਇਲਾਕੇ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਉੱਥੇ ਹੀ ਵਾਸ਼ਿੰਗਟ ਸਟੇਟ ਵਾਇਲਡਫਾਇਰ ਅਧਿਕਾਰੀਆਂ ਮੁਤਾਬਕ ਅਮਰੀਕਾ ’ਚ ਇਸ ਨੇ 4000 ਹੈਕਟੇਅਰ ਰਕਬੇ ਨੂੰ ਜਲਾ ਕੇ ਰੱਖ ਦਿੱਤਾ ਹੈ। ਕੈਨੇਡਾ ’ਚ ਘਰ ਛੱਡਣ ਦੇ ਹੁਕਮ ਓਕਾਨਾਗਨ-ਸਿਮਿਲਕਾਮੀਨ ਦੇ ਖੇਤਰੀ ਜ਼ਿਲ੍ਹੇ ਅਤੇ ਓਸੋਯੋਸ ਕਸਬੇ ਵਲੋਂ ਜਾਰੀ ਕੀਤੇ ਗਏ ਹਨ, ਕਿਉਂਕਿ ਅੱਗ ਕਾਰਨ ਲਗਭਗ 732 ਜਾਇਦਾਦਾਂ ਪ੍ਰਭਾਵਿਤ ਹੋਈਆਂ ਹਨ। ਹੁਕਮਾਂ ਦੇ ਅਨੁਸਾਰ ਇੱਥੇ ਰਹਿ ਰਹੇ ਲੋਕਾਂ ਅਤੇ ਸੈਲਾਨੀਆਂ ਨੂੰ ਤੁਰੰਤ ਥਾਵਾਂ ਖ਼ਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਅੱਗ ‘ਜੀਵਨ ਅਤੇ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੀ ਹੈ।’ ਅਧਿਕਾਰੀਆਂ ਨੇ ਪ੍ਰਭਾਵਿਤ ਲੋਕਾਂ ਨੂੰ ਓਲੀਵਰ ਦੇ ਨੇੜੇ ਬਣੇ ਐਮਰਜੈਂਸੀ ਓਪਰੇਸ਼ਨ ਸੈਂਟਰ ’ਚ ਜਾਣ ਲਈ ਕਿਹਾ ਹੈ। ਇੰਨਾ ਹੀ ਨਹੀਂ, 2094 ਜਾਇਦਾਦਾਂ ਨੂੰ ਨਿਕਾਸੀ ਅਲਰਟ ’ਤੇ ਰੱਖਿਆ ਗਿਆ ਹੈ। ਅਲਰਟ ’ਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਘਰ ਖ਼ਾਲੀ ਕਰਨ ਲਈ ਵੱਧ ਤੋਂ ਵੱਧ ਅਗਾਊਂ ਸੂਚਨਾ ਦਿੱਤੀ ਜਾਵੇਗੀ ਪਰ ਬਦਲਦੀਆਂ ਸਥਿਤੀਆਂ ਕਾਰਨ ਉਨ੍ਹਾਂ ਨੂੰ ਸੀਮਤ ਨੋਟਿਸ ਪ੍ਰਾਪਤ ਹੋ ਸਕਦੇ ਹਨ। ਦੱਸ ਦਈਏ ਕਿ ਬੀ. ਸੀ. ਫਾਇਲਡਫਾਈਰ ਸਰਵਿਸ ਦਾ ਅਮਲਾ ਬੀਤੀ ਰਾਤ ਅੱਗ ਵਾਲੀਆਂ ਥਾਵਾਂ ’ਤੇ ਮੌਜੂਦ ਰਿਹਾ ਅਤੇ ਸਵੇਰ ਹੁੰਦਿਆਂ ਹੀ ਇੱਥੇ ਹੋਰ ਸਰੋਤ ਜਿਵੇਂ ਕਿ ਹੈਲੀਕਾਪਟਰ, ਭਾਰੀ ਸਾਜ਼ੋ-ਸਮਾਨ ਅਤੇ ਕਰਮਚਾਰੀ ਭੇਜੇ ਗਏ ਹਨ।