ਕੈਨੇਡਾ ਦੇ ਸਕੂਲਾਂ ‘ਚ ਕਿਸਾਨ ਅੰਦੋਲਨ ਬਾਰੇ ਕਰਵਾਈ ਜਾ ਰਹੀ ਪੜ੍ਹਾਈ ਦਾ ਭਾਰਤੀ ਕੌਂਸਲੇਟ ਨੂੰ ਚੜ੍ਹਿਆ ਵੱਟ

ਟੀਵੀ ਪੰਜਾਬ ਬਿਊਰੋ-ਕੈਨੇਡਾ ਦੇ ਟੋਰਾਂਟੋ ਵਿਖੇ ਭਾਰਤੀ ਕੌਂਸਲੇਟ ਵੱਲੋਂ ਇਸ ਗੱਲ ‘ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਗ੍ਰੇਟਰ ਟੋਰਾਂਟੋ ਖੇਤਰ ਦੇ ਸਕੂਲਾਂ ਵਿਚ ਬੱਚਿਆਂ ਨੂੰ ਕਿਸਾਨੀ ਸੰਘਰਸ਼ ਬਾਰੇ ਪੜ੍ਹਾਇਆ ਜਾ ਰਿਹਾ ਹੈ। ਇਸ ਸਬੰਧੀ ਇਤਰਾਜ਼ ਜਤਾਉਂਦਿਆਂ ਭਾਰਤੀ ਕੌਂਸਲੇਟ ਨੇ ਇੱਕ ਚਿੱਠੀ ਲਿਖੀ ਹੈ ਤੇ ਕਿਹਾ ਹੈ ਕਿ ਪੀਲ, ਟੋਰਾਂਟੋ ਅਤੇ ਯੋਰਕ ਖੇਤਰ ਵਿਚ ਐਲੀਮੈਂਟਰੀ ਅਤੇ ਹਾਈ ਸਕੂਲਾਂ ਚ ਕਿਸਾਨੀ ਸੰਘਰਸ਼ ਬਾਰੇ ਪੜ੍ਹਾਇਆ ਜਾ ਰਿਹਾ ਹੈ । ਕੌਂਸਲੇਟ ਨੇ ਅੱਗੋਂ ਲਿਖਿਆ ਹੈ ਕਿ ਇਸ ਕਾਰਵਾਈ ਨਾਲ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ। 

ਇਸ ਸਬੰਧੀ ਕੌਂਸਲੇਟ ਦਫਤਰ ਨੇ ਓਂਟਾਰੀਓ ਦੇ ਅੰਤਰਰਾਸ਼ਟਰੀ ਸਬੰਧ ਅਤੇ ਪ੍ਰੋਟੈਕੋਲ ਦਫਤਰ ਨੂੰ ਕਿਹਾ ਹੈ ਕਿ ਉਹ ਇੰਨਾ ਗਤੀਵਿਧੀਆਂ ਦੀ ਜਾਂਚ ਕਰਵਾਉਣ। ਇਸ ਚਿੱਠੀ ‘ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਸ ਨੂੰ ਕੈਨੇਡੀਅਨ ਲੋਕਾਂ ਦੀ ਆਵਾਜ ਠੱਪ ਕਰਨ ਵਾਲੀ ਕਾਰਵਾਈ ਦੱਸਿਆ ਹੈ ਅਤੇ ਕਿਹਾ ਹੈ ਕਿ ਭਾਰਤ ਵਿੱਚ ਵੀ ਵੱਖ-ਵੱਖ ਢੰਗਾਂ ਨਾਲ ਲੋਕਾਂ ਦੀ ਆਵਾਜ ਇਸੇ ਢੰਗ ਨਾਲ ਹੀ ਬੰਦ ਕੀਤੀ ਜਾ ਰਹੀ ਹੈ। 
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਕਾਰਵਾਈ ਕੈਨੇਡੀਅਨ ਸਿਸਟਮ ਵਿੱਚ ਭਾਰਤ ਦੀ ਸਿੱਧੀ ਦਖਲਅੰਦਾਜ਼ੀ ਹੈ।ਪੀਲ ਸਕੂਲ ਬੋਰਡ ਨੇ ਕਿਹਾ ਹੈ ਕਿ ਉਹ ਆਪਣੇ ਸਕੂਲਾਂ ਚ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨਾਲ ਵੱਖ-ਵੱਖ ਵਿਸ਼ਿਆ ‘ਤੇ ਵਿਚਾਰ-ਵਟਾਂਦਰਾ ਨਾ ਕਰਨ ਲਈ ਨਹੀਂ ਕਹੇਗੀ। ਦੂਜੇ ਪਾਸੇ ਭਾਰਤੀ ਮੂਲ ਦੇ ਕੁਝ ਮਾਪਿਆਂ ਵੱਲੋਂ ਵੀ ਭਾਰਤੀ ਕੌਂਸਲੇਟ ਦਫਤਰ ਨਾਲ ਸੰਪਰਕ ਕਰਕੇ ਸਕੂਲਾਂ ਚ ਪੜ੍ਹਾਏ ਜਾ ਰਹੇ ਵਿਸ਼ਿਆਂ ‘ਤੇ ਇਤਰਾਜ਼ ਜਤਾਇਆ ਗਿਆ ਸੀ।