ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਪੌਦਾ ਰੋਗ ਵਿਗਿਆਨੀ ਡਾ. ਅਮਰਜੀਤ ਸਿੰਘ ਸ਼ਾਮਿਲ ਹੋਏ । ਉਹਨਾਂ ਨੇ ਹਾੜ੍ਹੀ ਦੀਆਂ ਫਸਲਾਂ ਦੀ ਬੀਜ ਸੋਧ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।ਬੀਜ ਸੋਧ ਲਈ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਉਤਪਾਦਾਂ ਦਾ ਵੀ ਜ਼ਿਕਰ ਕੀਤਾ ।
ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਫੂਡ ਕਰਾਫਟ ਮੇਲੇ ਬਾਰੇ ਡਾ. ਵਿਸ਼ਾਲ ਬੈਕਟਰ ਨੇ ਜਾਣਕਾਰੀ ਦਿੱਤੀ । ਉਹਨਾਂ ਨੇ ਮੇਲੇ ਦੀ ਰੂਪਰੇਖਾ ਤੋਂ ਇਲਾਵਾ ਇਸ ਵਿਚ ਭਾਗ ਲੈਣ ਦੇ ਤਰੀਕੇ ਅਤੇ ਹਿੱਸਾ ਲੈ ਰਹੇ ਅਦਾਰਿਆਂ ਸੰਬੰਧੀ ਵਿਸਥਾਰ ਨਾਲ ਗੱਲ ਕੀਤੀ ।
ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਨੇ ਮੌਸਮ ਬਾਰੇ ਜਾਣਕਾਰੀ ਦਿੱਤੀ । ਕਿਸਾਨਾਂ ਦੇ ਖੇਤੀ ਰੁਝੇਵਿਆਂ ਬਾਰੇ ਗੁਰਪ੍ਰੀਤ ਵਿਰਕ ਅਤੇ ਡਾ. ਇੰਦਰਪ੍ਰੀਤ ਬੋਪਾਰਾਏ ਨੇ ਜਾਣਕਾਰੀ ਦਿੱਤੀ ।
ਸਾਬਕਾ ਵਿਦਿਆਰਥੀ ਦੀ ਵੱਕਾਰੀ ਅਹੁਦੇ ਲਈ ਨਿਯੁਕਤੀ
ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਇੰਜ: ਨਵਿੰਦਰ ਕੁਮਾਰ ਛਾਂਜੀ ਨੂੰ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਨੇ ਰਾਸ਼ਟਰੀ ਉਤਪਾਦਕਤਾ ਕੌਂਸਲ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ ।
ਇੰਜ: ਛਾਂਜੀ ਖੇਤੀ ਇੰਜਨੀਅਰਿੰਗ ਕਾਲਜ ਦੇ 1980 ਬੈਚ ਦੇ ਵਿਦਿਆਰਥੀ ਰਹੇ ਹਨ ਅਤੇ ਉਹਨਾਂ ਨੇ ਰਾਸ਼ਟਰੀ ਉਤਪਾਦਕਤਾ ਕੌਂਸਲ ਵਿੱਚ 1987 ਵਿਚ ਕਾਰਜਕਾਲ ਸ਼ੁਰੂ ਕੀਤਾ । ਇਸ ਅਹੁਦੇ ਤੇ ਪਹੁੰਚਣ ਵਾਲੇ ਉਹ ਖੇਤੀ ਇੰਜਨੀਅਰਿੰਗ ਕਾਲਜ ਦੇ ਪਹਿਲੇ ਵਿਦਿਆਰਥੀ ਹਨ ।
ਇਹ ਕੌਂਸਲ ਉਤਪਾਦਕਤਾ ਦੇ ਖੇਤਰ ਵਿੱਚ ਖੋਜ ਕਰਨ ਲਈ ਸਿਖਲਾਈ ਸੇਵਾਵਾਂ ਪ੍ਰਦਾਨ ਕਰਦੀ ਹੈ ਜਿਸਦਾ ਲਾਭ ਉਦਯੋਗਿਕ ਇੰਜਨੀਅਰਿੰਗ, ਖੇਤੀ ਕਾਰੋਬਾਰ, ਅਰਥ ਸਾਸ਼ਤਰ ਸੇਵਾਵਾਂ, ਮਿਆਰ ਪ੍ਰਬੰਧਨ, ਮਾਨਵ ਸੰਸਾਧਨ ਵਿਕਾਸ ਅਤੇ ਸੂਚਨਾ ਤਕਨਾਲੋਜੀ ਦੇ ਨਾਲ-ਨਾਲ ਊਰਜਾ ਪ੍ਰਬੰਧਨ ਅਤੇ ਵਾਤਾਵਰਨ ਪ੍ਰਬੰਧਨ ਦੇ ਖੇਤਰ ਦੇ ਸਰਕਾਰੀ ਅਤੇ ਨਿੱਜੀ ਕਾਮਿਆਂ ਨੂੰ ਮਿਲਦਾ ਹੈ ।
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਸਰਪ੍ਰਸਤ ਹੋਣ ਦੇ ਨਾਤੇ ਸ੍ਰੀ ਛਾਂਜੀ ਦੀ ਇਸ ਨਿਯੁਕਤੀ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ । ਉਹਨਾਂ ਕਿਹਾ ਕਿ ਖੇਤੀ ਇੰਜਨੀਅਰਿੰਗ ਕਾਲਜ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ।
ਸ੍ਰੀ ਛਾਂਜੀ ਦੀ ਪ੍ਰਾਪਤੀ ਨੇ ਉਹਨਾਂ ਵਿਚ ਇਜ਼ਾਫਾ ਕੀਤਾ ਹੈ । ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤੀਸ਼ ਕੁਮਾਰ ਗੁਪਤਾ ਨੇ ਇਸ ਨੂੰ ਮਾਣ ਦੀ ਘੜੀ ਦੱਸਦਿਆਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਵਿਚ ਕਾਲਜ ਦਾ ਸਿਰ ਉੱਚਾ ਹੋਇਆ ਹੈ ।
ਟੀਵੀ ਪੰਜਾਬ ਬਿਊਰੋ