Ottawa- ਐਗਰੀਕਲਚਰ ਐਂਡ ਐਗਰੀ-ਫੂਡ ਪੰਜ ਕਿੱਤਾਮੁਖੀ ਸੈਕਟਰਾਂ ’ਚੋਂ ਇੱਕ ਹੈ, ਜਿਨ੍ਹਾਂ ਨੂੰ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 2023 ’ਚ ਐਕਸਪ੍ਰੈੱਸ ਐਂਟਰੀ ਸ਼੍ਰੇਣੀ-ਅਧਾਰਿਤ ਡਰਾਅ ਰਾਹੀਂ ਤਰਜੀਹ ਦੇਣ ਲਈ ਚੁਣਿਆ ਹੈ। ਦੇਸ਼ ’ਚ ਕੁਝ ਸਭ ਤੋਂ ਵੱਡੇ ਲੇਬਰ ਬਜ਼ਾਰ ਦੇ ਪਾੜੇ ਵਾਲੇ ਪ੍ਰਮੁੱਖ ਰੁਜ਼ਗਾਰ ਸੈਕਟਰਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ’ਚ IRCC ਨੇ ਇਸ ਸਾਲ ਦੇ ਸ਼ੁਰੂ ’ਚ ਐਕਸਪ੍ਰੈਸ ਐਂਟਰੀ ਲਈ ਸ਼੍ਰੇਣੀ-ਅਧਾਰਿਤ ਚੋਣ ਡਰਾਅ ਪੇਸ਼ ਕੀਤੇ ਸਨ।
ਅਸਲ ’ਚ ਇਹ ਡਰਾਅ ਖਾਸ ਖੇਤਰਾਂ ’ਚ ਕੰਮ ਦਾ ਤਜਰਬਾ ਰੱਖਣ ਵਾਲੇ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਕੈਨੇਡਾ ’ਚ ਆਉਣ ਲਈ ਆਕਰਸ਼ਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਕਾਮੇ ਕੈਨੇਡਾ ਦੇ ਵਿਕਾਸ ’ਚ ਆਪਣਾ ਯੋਗਦਾਨ ਪਾ ਸਕਣ। ਇਨ੍ਹਾਂ ’ਚੋਂ ਪਹਿਲਾ ਡਰਾਅ 28 ਜੂਨ ਨੂੰ ਕੱਢਿਆ ਗਿਆ ਸੀ।
2023 ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ’ਚ ਇਸ ਵਾਰ ਸਿਹਤ ਸੰਭਾਲ, ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (STEM), ਆਵਾਜਾਈ, ਵਪਾਰ ਅਤੇ ਖੇਤੀਬਾੜੀ/ਖੇਤੀ-ਭੋਜਨ ਸ਼ਾਮਿਲ ਸਨ। ਦੱਸ ਦਈਏ ਕਿ ਸਟੈਂਡਰਡ ਐਕਸਪ੍ਰੈੱਸ ਐਂਟਰੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਵਿਆਪਕ ਰੈਂਕਿੰਗ ਸਿਸਟਮ ਸਕੋਰਾਂ ਦੇ ਅਧਾਰ ’ਤੇ ਆਕਰਸ਼ਿਤ ਕਰਦੀ ਹੈ ਪਰ ਇਸ ਦੇ ਉਲਟ ਇਸ ਡਰਾਅ ’ਚ ਖ਼ਾਸ ਰੁਜ਼ਗਾਰ ਅਨੁਭਵ ਵਾਲੇ ਉਮੀਦਵਾਰਾਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।
ਐਗਰੀਕਲਚਰ/ਐਗਰੀ-ਫੂਡ ਨੂੰ ਟਾਰਗੇਟ ਐਕਸਪ੍ਰੈਸ ਐਂਟਰੀ ਸ਼੍ਰੇਣੀ ਵਜੋਂ ਕਿਉਂ ਚੁਣਿਆ ਗਿਆ?
ਕੈਨੇਡੀਅਨ ਐਗਰੀਕਲਚਰਲ ਹਿਊਮਨ ਰਿਸੋਰਸ ਕੌਂਸਲ (CAHRC) ਦਾ ਅਨੁਮਾਨ ਹੈ ਕਿ ਸਾਲ 2029 ਤੱਕ ਇਸ ਸੈਕਟਰ ’ਚ ਘਰੇਲੂ ਕਿਰਤ ਸ਼ਕਤੀ ਦੀ ਤੁਲਨਾ ’ਚ 123,000 ਵੱਧ ਨੌਕਰੀਆਂ ਹੋਣਗੀਆਂ। ਅਜਿਹਾ ਅਨੁਮਾਨ ਇਸ ਗੱਲ ਨੂੰ ਜਾਇਜ਼ ਠਹਿਰਾਉਂਦਾ ਹੈ ਕਿ ਕੈਨੇਡਾ ਲਈ ਇਸ ਸੈਕਟਰ ਨੂੰ ਇੱਕ ਐਕਸਪ੍ਰੈਸ ਐਂਟਰੀ ਸ਼੍ਰੇਣੀ ਦੇ ਤੌਰ ’ਤੇ ਫੋਕਸ ਕਰਨ ਦੀ ਲੋੜ ਹੈ, ਕਿਉਂਕਿ ਖੇਤੀਬਾੜੀ ਅਤੇ ਐਗਰੀ-ਫੂਡ ਕੈਨੇਡਾ ਦੀ ਸਥਿਰਤਾ ਅਤੇ ਵਿਕਾਸ ਦੀ ਕੁੰਜੀ ਹਨ।
CAHRC ਦੇ ਅਨੁਸਾਰ, ‘‘ਖੇਤੀਬਾੜੀ ਅਤੇ ਖੇਤੀ-ਭੋਜਨ ਖੇਤਰ …ਸਾਲਾਨਾ 122 ਬਿਲੀਅਨ ਡਾਲਰ, ਜਾਂ ਕੈਨੇਡਾ ਦੇ ਜੀਡੀਪੀ ਦੇ 6.3% ਤੋਂ ਵੱਧ ਦਾ ਯੋਗਦਾਨ ਪਾਉਂਦੇ ਹਨ ਅਤੇ ਜਿਵੇਂ-ਜਿਵੇਂ ਦੁਨੀਆ ਭਰ ’ਚ ਕੈਨੇਡੀਅਨ ਭੋਜਨ ਅਤੇ ਖੇਤੀਬਾੜੀ ਉਤਪਾਦਾਂ ਦੀ ਮੰਗ ਵਧਦੀ ਹੈ, ਅਰਥ ਵਿਵਸਥਾ ’ਚ ਇਹ ਯੋਗਦਾਨ ਵਧਣ ਦੀ ਉਮੀਦ ਹੈ।’’
ਕੈਨੇਡਾ ਨੂੰ ਅਸਲ ’ਚ ਕਿੰਨੇ ਖੇਤੀਬਾੜੀ/ਖੇਤੀ-ਭੋਜਨ ਕਾਮਿਆਂ ਦੀ ਲੋੜ ਹੈ?
29 ਅਪ੍ਰੈਲ ਨੂੰ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਨੇ ਖੇਤੀਬਾੜੀ ਉਦਯੋਗ ਦੇ ਮਜ਼ਦੂਰਾਂ ’ਤੇ ਇੱਕ ਕਹਾਣੀ ਪੇਸ਼ ਕੀਤੀ ਸੀ। ਨੋਵਾ ਸਕੋਸ਼ੀਆ ਫੈਡਰੇਸ਼ਨ ਆਫ ਐਗਰੀਕਲਚਰ ਦੇ ਪ੍ਰਧਾਨ ਦੇ ਹਵਾਲੇ ਨਾਲ ਇਸ ਕਹਾਣੀ ’ਚ ਕਿਹਾ ਗਿਆ ਸੀ ਕਿ ਸੂਬੇ ਨੂੰ 2029 ਤੱਕ 2,500 ਤੋਂ ਵੱਧ ਖੇਤ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਕੈਨੇਡਾ ਸਰਕਾਰ ਦੇ ਜਾਬ ਬੈਂਕ ਦੇ ਅੰਕੜਿਆਂ ’ਚ ਪਿਛਲੇ ਦਹਾਕੇ ਦੌਰਾਨ ਇੱਕ ਕੈਨੇਡੀਅਨ ਸੂਬੇ ’ਚ 20,000 ਤੋਂ ਵੱਧ ਉਦਯੋਗਿਕ ਕਾਮਿਆਂ ਦੇ ਰੁਜ਼ਗਾਰ ’ਚ ਗਿਰਾਵਟ ਦਰਜ ਕੀਤੀ ਗਈ ਹੈ। ਜਾਬ ਬੈਂਕ ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ 2013 ਤੋਂ 2022 ਤੱਕ ਇਸ ਸੈਕਟਰ ’ਚ (ਅਲਬਰਟਾ ਭਰ ’ਚ) 28,300 ਨੌਕਰੀਆਂ (-44%) ਕਮੀ ਦਰਜ ਕੀਤੀ ਗਈ ਹੈ। ਇੱਕ ਹੋਰ ਉਦਾਹਰਨ ਦੇ ਤੌਰ ’ਤੇ ਬ੍ਰਿਟਿਸ਼ ਕੋਲੰਬੀਆ ’ਚ ਉਦਯੋਗਿਕ ਰੁਜ਼ਗਾਰ ’ਚ ਪਿਛਲੇ 10 ਸਾਲਾਂ ’ਚ ਲਗਭਗ 10 ਫ਼ੀਸਦੀ ਦੀ ਗਿਰਾਵਟ ਆਈ ਹੈ।
ਇਹ ਧਿਆਨ ’ਚ ਰੱਖਦੇ ਹੋਏ ਕਿ ਕੁਝ ਪ੍ਰਾਂਤਾਂ ਨੂੰ ਇਸ ਖੇਤਰ ’ਚ ਦੂਜਿਆਂ ਨਾਲੋਂ ਵਧੇਰੇ ਕਾਮਿਆਂ ਦੀ ਲੋੜ ਹੈ, ਇਹ ਅੰਕੜੇ ਪੂਰੇ ਕੈਨੇਡਾ ’ਚ ਖੇਤੀਬਾੜੀ ਅਤੇ ਖੇਤੀ-ਭੋਜਨ ਉਦਯੋਗਾਂ ’ਚ ਮਜ਼ਦੂਰਾਂ ਦੀ ਮਹੱਤਵਪੂਰਨ ਘਾਟ ਦਾ ਸੰਕੇਤ ਹਨ। ਉਪਰੋਕਤ ਕਹਾਣੀ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ, ਸੀਬੀਸੀ ਨੇ ਵੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਸੀ, ਜਿਸ ’ਚ ਸੁਝਾਅ ਦਿੱਤਾ ਗਿਆ ਸੀ ਕਿ ਲਗਭਗ 40% ਕੈਨੇਡੀਅਨ ਕਿਸਾਨਾਂ ਦੇ 10 ਸਾਲਾਂ ਦੇ ਅੰਦਰ ਰਿਟਾਇਰ ਹੋਣ ਦੀ ਉਮੀਦ ਹੈ। ਇਸ ’ਚ ਇਹ ਹਕੀਕਤ ਵੀ ਸ਼ਾਮਿਲ ਹੈ ਕਿ 66% ਕਿਸਾਨਾਂ ਕੋਲ ਉਤਰਾਧਿਕਾਰ ਦੀ ਕੋਈ ਯੋਜਨਾ ਨਹੀਂ ਹੈ। ਇਨ੍ਹਾਂ ਕਾਰਕਾਂ ਨੂੰ ਧਿਆਨ ’ਚ ਰੱਖਦੇ ਹੋਏ, ਇਹ ਪੁਰਾਣੀ ਰਿਪੋਰਟ ਇਹ ਸਿੱਟਾ ਕੱਢਦੀ ਹੈ ਕਿ ਕੈਨੇਡਾ ਨੂੰ ਇਸ ਉਦਯੋਗ ’ਚ ਲੇਬਰ ਪਾੜੇ ਨੂੰ ਭਰਨ ਲਈ 30,000 ਫਾਰਮ-ਕੇਂਦਰਿਤ ਨਵੇਂ ਆਉਣ ਵਾਲੇ ਲੋਕਾਂ ਨੂੰ ਲਿਆਉਣ ਦੀ ਲੋੜ ਹੈ।
ਕੁੱਲ ਮਿਲਾ ਕੇ, ਹਾਲੀਆ ਕਹਾਣੀਆਂ ਅਤੇ ਅੰਕੜੇ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕੈਨੇਡਾ ਨੂੰ ਸਮੇਂ ਦੇ ਨਾਲ ਇਸ ਉਦਯੋਗ ’ਚ ਮਜ਼ਦੂਰਾਂ ਦੀ ਘਾਟ ਨੂੰ ਢੁਕਵੇਂ ਢੰਗ ਨਾਲ ਹੱਲ ਕਰਨ ਲਈ ਕਈ ਹਜ਼ਾਰਾਂ ਖੇਤੀਬਾੜੀ ਅਤੇ ਖੇਤੀਬਾੜੀ-ਭੋਜਨ ਕਰਮਚਾਰੀਆਂ ਦੀ ਲੋੜ ਪਵੇਗੀ।