ਕੈਨੇਡੀਅਨ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਟਰੂਡੋ ਨੇ ਸਿੰਗਾਪੁਰ ’ਚ ਕਾਰੋਬਾਰੀਆਂ ਨਾਲ ਕੀਤੀਆਂ ਬੈਠਕਾਂ

Singapore- ਏਸ਼ੀਆ ਦੇ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੀਰਵਾਰ ਨੂੰ ਸਿੰਗਾਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕੈਨੇਡੀਅਨ ਕਾਰੋਬਾਰਾਂ ਅਤੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਖੇਤਰ ਦੇ ਕਾਰਬੋਰੀਆਂ ਨਾਲ ਚਾਰ ਬੈਠਕਾਂ ਵੀ ਕੀਤੀਆਂ। ਇਸ ਦੌਰਾਨ ਕਾਰੋਬਾਰੀਆਂ ਨੇ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਦਿਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦੇ ਤਰੀਕਿਆਂ ਲਈ ਕੈਨੇਡਾ ਕੋਲੋਂ ਸਹਾਇਤਾ ਦੀ ਮੰਗ ਕੀਤੀ।
ਖੇਤੀਬਾੜੀ-ਭੋਜਨ ਉਤਪਾਦਾਂ ਦੀ ਟਿਕਾਊ ਸੋਰਸਿੰਗ ’ਚ ਨਿਵੇਸ਼ ਕਰਨ ਵਾਲੀ ਇੱਕ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਿਜੇ ਆਇੰਗਰ ਨੇ ਵੀਰਵਾਰ ਨੂੰ ਟਰੂਡੋ ਨਾਲ ਮੁਲਾਕਾਤ ਕੀਤੀ। ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਐਗਰੋਕਾਰਪ ਇੰਟਰਨੈਸ਼ਨਲ, ਜੋ ਪਹਿਲਾਂ ਹੀ ਸਸਕੈਚਵਨ ਅਤੇ ਅਲਬਰਟਾ ’ਚ ਭਾਰੀ ਨਿਵੇਸ਼ ਕਰ ਰਿਹਾ ਹੈ, ਅਜਿਹੇ ਤਰੀਕਿਆਂ ਦੀ ਭਾਲ ਕਰ ਰਿਹਾ ਹੈ ਜਿਹੜੇ ਕਿ ਗਲੋਬਲ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾ ਸਕਣ। ਭਵਿੱਖ ਨਿਵੇਸ਼ ਬਾਰੇ ਗੱਲ ਕਰਦਿਆਂ ਆਇੰਗਿਰ ਨੇ ਕਿਹਾ ਕਿ ਨਿਵੇਸ਼ ਲਈ ਕੈਨੇਡਾ ਸਾਡੇ ਲਈ ਸਭ ਤੋਂ ਵਧੀਆ ਸਥਾਨ ਹੈ।
ਕਾਰੋਬਾਰੀਆਂ ਨਾਲ ਬੈਠਕਾਂ ਦੌਰਾਨ ਟਰੂਡੋ ਨੇ ਕੈਨੇਡਾ ਨੂੰ ਸਥਿਰਤਾ, ਵਿਕਾਸ ਅਤੇ ਵਿਭਿੰਨਤਾ ਦੇ ਸਥਾਨ ਵਜੋਂ ਪੇਸ਼ ਕੀਤਾ, ਜਿਹੜਾ ਕਿ ਸਿੰਗਾਪੁਰ ਨੂੰ ਭਰੋਸੇਯੋਗਤਾ ਅਤੇ ਨੌਕਰੀਆਂ ’ਚ ਵਾਧਾ ਪ੍ਰਦਾਨ ਕਰੇਗਾ। ਸ਼ੁੱਕਰਵਾਰ ਨੂੰ ਉਨ੍ਹਾਂ ਵਲੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਵਪਾਰ ਦੇ ਨਾਲ-ਨਾਲ ਕੈਨੇਡੀਅਨ ਊਰਜਾ ਅਤੇ ਉਦਪਾਦਾਂ ਨੂੰ ਉਤਸ਼ਾਹਿਰ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫਤੇ ਇੰਡੋ-ਪੈਸੀਫਿਕ ਨੇਤਾਵਾਂ ਨਾਲ ਮੁਲਾਕਾਤ ਕਰਨ ਅਤੇ ਦੋ ਸਿਖਰ ਸੰਮੇਲਨਾਂ ’ਚ ਸ਼ਾਮਲ ਹੋਣ ਲਈ ਏਸ਼ੀਆ ’ਚ ਹਨ। ਪ੍ਰਧਾਨ ਮੰਤਰੀ ਦਾ ਸਿੰਗਾਪੁਰ ਦਾ ਦੌਰਾ ਇੰਡੋਨੇਸ਼ੀਆ ’ਚ ਰੁਕਣ ਤੋਂ ਬਾਅਦ ਆਇਆ ਹੈ, ਜਿੱਥੇ ਕੈਨੇਡਾ ਨੇ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਨਾਲ ਇੱਕ ਰਣਨੀਤਕ ਭਾਈਵਾਲੀ ਸ਼ੁਰੂ ਕੀਤੀ ਹੈ।
ਭਾਈਵਾਲੀ ਨੂੰ ਇੱਕ ਪ੍ਰਤੀਕਾਤਮਕ ਸੰਕੇਤ ਮੰਨਿਆ ਜਾਂਦਾ ਹੈ ਜੋ ਕਿ ਇੰਡੋ-ਪੈਸੀਫਿਕ ਖੇਤਰ ਵਿੱਚ ਕੈਨੇਡਾ ਦੀ ਵਿਸਤ੍ਰਿਤ ਮੌਜੂਦਗੀ ਨੂੰ ਦਰਸਾਉਂਦਾ ਹੈ। ਟਰੂਡੋ ਨੇ ਕਿਹਾ ਕਿ ਇਹ ਆਸੀਆਨ ਦੇ 10 ਦੇਸ਼ਾਂ ਨਾਲ ਇੱਕ ਮੁਕਤ-ਵਪਾਰ ਸਮਝੌਤੇ ’ਤੇ ਹੋ ਰਹੀ ਪ੍ਰਗਤੀ ਨੂੰ ਦਰਸਾਉਂਦਾ ਹੈ।