ਜਲੰਧਰ- ਭਾਵੇਂ ਸੂਬੇ ਚ ਪਿਛਲੇ ਇੱਕ ਦੋ ਦਿਨ ਤੋਂ ਤੇਜ਼ ਧੁੱਪ ਦਰਸ਼ਨ ਦੇ ਰਹੀ ਹੈ । ਪਰ ਪਹਾੜਾਂ ਤੋਂ ਆ ਰਹੀ ਠੰਢੀ ਹਵਾਵਾਂ ਨੇ ਸਰਦ ਮਾਹੌਲ ਬਣਾਈ ਰਖਿਆ ਹੈ । ਪੰਜਾਬ ’ਚ ਐਤਵਾਰ ਨੂੰ ਕੜਾਕੇ ਦੀ ਠੰਢ, ਸੰਘਣੀ ਧੁੰਦ ਤੇ ਪਾਲੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਦੁਪਹਿਰ ਵੇਲੇ ਕਈ ਜ਼ਿਲ੍ਹਿਆਂ ’ਚ ਧੁੱਪ ਨਿਕਲੀ ਪਰ ਦਿਨ ਭਰ ਸਰਦ ਹਵਾਵਾਂ ਚੱਲਦੀਆਂ ਰਹੀਆਂ ਜਿਸ ਨਾਲ ਕਾਂਬਾ ਛਿੜਦਾ ਰਿਹਾ। ਤੇਜ਼ ਹਵਾਵਾਂ ਕਾਰਨ ਧੁੱਪ ਬੇਅਸਰ ਮਹਿਸੂਸ ਹੋ ਰਹੀ ਸੀ। ਠੰਢ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫ਼ਰੀਦਕੋਟ ’ਚ ਘੱਟੋ-ਘੱਟ ਤਾਪਮਾਨ ਮਨਫ਼ੀ ਇਕ ਡਿਗਰੀ ’ਤੇ ਆ ਗਿਆ ਜਦਕਿ ਮੋਗਾ ਤੇ ਮੁਹਾਲੀ ’ਚ ਘੱਟੋ-ਘੱਟ ਤਾਪਮਾਨ 0.4 ਤੇ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੀਜ਼ਨ ’ਚ ਪਹਿਲੀ ਵਾਰ ਇਨ੍ਹਾਂ ਸਾਰੇ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਇੰਨਾ ਹੇਠਾਂ ਆਇਆ ਹੈ।
ਦੂਜੇ ਪਾਸੇ ਬਠਿੰਡੇ ’ਚ ਘੱਟੋ-ਘੱਟ ਤਾਪਮਾਨ 1.0 ਡਿਗਰੀ, ਅੰਮ੍ਰਿਤਸਰ ’ਚ 1.6 ਡਿਗਰੀ ਤੇ ਬਰਨਾਲੇ ’ਚ 1.9 ਡਿਗਰੀ ਸੈਲਸੀਅਸ ਰਿਹਾ ਜਦਕਿ ਜਲੰਧਰ ’ਚ 2.0 ਡਿਗਰੀ, ਮੁਕਤਸਰ ’ਚ 2.3 ਡਿਗਰੀ, ਪਟਿਆਲੇ ’ਚ 3.0 ਡਿਗਰੀ ਤੇ ਲੁਧਿਆਣੇ ’ਚ 4.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ, ਆਉਣ ਵਾਲੇ ਦੋ ਦਿਨਾਂ ਤੱਕ ਠੰਢ ਕਾਫ਼ੀ ਜ਼ਿਆਦਾ ਪੈਣ ਵਾਲੀ ਹੈ।
ਵਿਭਾਗ ਨੇ ਪੰਜਾਬ ’ਚ 17 ਜਨਵਰੀ ਤਕ ਸੀਤ ਲਹਿਰ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਕੋਲਡ ਡੇ ਤੋਂ ਲੈ ਕੇ ਗੰਭੀਰ ਕੋਲਡ ਡੇ ਦੀ ਸਥਿਤੀ ਵੀ ਬਣ ਸਕਦੀ ਹੈ। ਕਈ ਜ਼ਿਲ੍ਹਿਆਂ ’ਚ ਸਵੇਰ ਤੇ ਰਾਤ ਸਮੇਂ ਸੰਘਣੀ ਧੁੰਦ ਦੇ ਨਾਲ ਪਾਲਾ ਡਿੱਗਣ ਦੀ ਵੀ ਸੰਭਾਵਨਾ ਹੈ। ਇਸ ਬਾਰੇ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ, ਅਗਲੇ ਚਾਰ-ਪੰਜ ਦਿਨਾਂ ’ਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਦੋ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ’ਚ ਇਕ ਤੋਂ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਤੇ ਉਸ ਤੋਂ ਬਾਅਦ ਜ਼ਿਆਦਾਤਰ ਹਿੱਸਿਆਂ ’ਚ ਤਿੰਨ ਤੋਂ ਪੰਜ ਡਿਗਰੀ ਦੇ ਵਾਧੇ ਦੀ ਸੰਭਾਵਨਾ ਹੈ।