ਆਰ.ਪੀ.ਜੀ ਹਮਲੇ ਤੋਂ ਬਾਅਦ ਹੁਣ ਮੁਹਾਲੀ ਚ ਹਵਾਈ ਫਾਇਰਿੰਗ

ਮੁਹਾਲੀ- ਮੁਹਾਲੀ ਦੇ ਇੰਟੈਲੀਜੈਂਸ ਦਫਤਰ ਚ ਰਾਕੇਟ ਹਮਲੇ ਤੋਂ ਬਾਅਦ ਸੁਰੱਖਿਆ ਪ੍ਰਬੰਧ ਕਰੜੇ ਕਰਨ ਦਾ ਦਾਅਵਾ ਪੰਜਾਬ ਪੁਲਿਸ ਕਰਦੀ ਰਹੀ ਹੈ ।ਪਰ ਇਹ ਦਾਅਵੇ ਜ਼ਿਆਦਾ ਦੇਰ ਤਕ ਟਿਕ ਨਾ ਸਕੇ । ਵੀਰਵਾਰ ਤੜਕਸਾਰ ਮੁਹਾਲੀ ਚ ਹਵਾਈ ਫਾਇਰਿੰਗ ਹੋਣ ਦੀ ਖਬਰ ਨੇ ਪੁਲਿਸ ਪ੍ਰਸ਼ਾਸਨ ਦੀ ਨੀਂਦ ਉੜਾ ਦਿੱਤੀ ਹੈ ।

ਘਟਨਾ ਮੁਹਾਲੀ ਦੇ ਸੈਕਟਰ 82 ਸਥਿਤ ਫਾਲਕਨ ਵਿਊ ਦੀ ਹੈ ।ਇੱਥੋਂ ਦੇ ਐੱਫ ਬਲਾਕ ਦੇ ਕਮਰੇ 1004 ਤੋਂ ਤੜਕਸਾਰ ਪੰਜ ਵਜੇ ਹਵਾਈ ਫਾਇਰ ਕੀਤੇ ਗਏ । ਇਹ ਫਲੈਟ ਦੱਸਵੀਂ ਮੰਜ਼ਿਲ ‘ਤੇ ਹੈ । ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਅਪਾਰਟਮੈਂਟ ਦਾ ਸੁਰੱਖਿਆ ਮੁਲਾਜ਼ਮ ਕਮਰੇ ਚ ਗਿਆ ਤਾਂ ਉੱਥੇ 12 ਦੇ ਕਰੀਬ ਅਣਪਛਾਤੇ ਨੌਜਵਾਨ ਸਨ ।ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਟਾਕਾ ਚਲਾਇਆ ਗਿਆ ਹੈ ।

ਇਸਦੇ ਅੱਧੇ ਘੰਟੇ ਬਾਅਦ ਫਿਰ ਆਵਾਜ਼ ਆਉਣ ‘ਤੇ ਨੌਜਵਾਨਾ ਨੇ ਜਸ਼ਨ ਦਾ ਬਹਾਨਾ ਬਣਾ ਕੇ ਹਵਾਈ ਫਾਇਰ ਕਰਨ ਦੀ ਗੱਲ ਮੰਨੀ ।ਲੋਕਾਂ ਵਲੋਂ ਬਾਅਦ ਚ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ।ਪੁਲਿਸ ਦੇ ਆਉਣ ਤੋਂ ਪਹਿਲਾਂ ਛੇ ਦੇ ਕਰੀਬ ਨੌਜਵਾਨ ਉੱਥੋਂ ਫਰਾਰ ਹੋ ਗਏ ਜਦਕਿ ਬਾਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ।

ਗੰਭੀਰਤਾ ਵਾਲੀ ਗੱਲ ਇਹ ਹੈ ਕਿ ਫਲੈਟ ਚ ਰਹਿ ਰਹੇ ਇਨ੍ਹਾਂ ਨੌਜਵਾਨਾ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ । ਫਲੈਟ ਕਿਸੇ ਹੋਰ ਦੇ ਨਾਂ ‘ਤੇ ਹੈ ਅਤੇ ਰਹਿ ਇਸ ਚ ਲੜਕੇ ਰਹੇ ਸਨ ।