ਯੂਰਪ ਵਿੱਚ ਆਏ ਹੜ੍ਹ ਨੇ ਭਿਆਨਕ ਰੂਪ ਧਾਰਨ ਕੀਤਾ, 110 ਦੇ ਕਰੀਬ ਪੁੱਜੀ ਮੌਤਾਂ ਦੀ ਗਿਣਤੀ

ਬਰਲਿਨ -ਪੱਛਮੀ ਜਰਮਨੀ ਅਤੇ ਬੈਲਜੀਅਮ ਦੇ ਕਈ ਇਲਾਕਿਆਂ ਵਿਚ ਆਏ ਵਿਨਾਸ਼ਕਾਰੀ ਹੜ੍ਹ ਨਾਲ ਹੁਣ ਤੱਕ ਕਰੀਬ 110 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ-ਨਾਲ ਸੈਂਕੜੇ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਭਾਲ ਲਈ ਤਲਾਸ਼ੀ ਅਤੇ ਰਾਹਤ ਮੁਹਿੰਮ ਵੀ ਜਾਰੀ ਹੈ। ਇਸ ਹਫਤੇ ਪਏ ਜ਼ੋਰਦਾਰ ਮੀਂਹ ਤੋਂ ਇਹ ਹੜ੍ਹ ਭਿਆਨਕ ਰੂਪ ਧਾਰਨ ਕਰ ਗਿਆ ਹੈ। ਹੜ੍ਹ ਦਾ ਪਾਣੀ ਕਾਰਾਂ ਅਤੇ ਘਰਾਂ ਨੂੰ ਤੀਲਿਆਂ ਵਾਂਗ ਰੋੜ੍ਹ ਕੇ ਲਿਜਾ ਰਿਹਾ ਹੈ।

ਜਰਮਨੀ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੇਅਰ ਨੇ ਕਿਹਾ ਕਿ ਉਹ ਹੜ੍ਹ ਕਾਰਨ ਹੋਈ ਤਬਾਹੀ ਨਾਲ ਭੈਭੀਤ ਹਨ। ਉਨ੍ਹਾਂ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਇਸ ਆਫ਼ਤ ਵਿਚ ਨੁਕਸਾਨ ਝੱਲਣ ਵਾਲੇ ਇਲਾਕਿਆਂ ਦੀ ਮਦਦ ਕਰਨ ਦੀ ਸਭ ਨੂੰ ਅਪੀਲ ਕੀਤੀ ਹੈ। ਸਟੀਨਮੇਅਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ, ‘ਮੁਸ਼ਕਲ ਦੇ ਇਸ ਸਮੇਂ ਵਿਚ ਸਾਡਾ ਦੇਸ਼ ਇਕੱਠਾ ਖੜ੍ਹਾ ਹੈ। ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੇ ਪ੍ਰਤੀ ਇਕਜੁਟਤਾ ਦਿਖਾਈਏ ਜਿਨ੍ਹਾਂ ਤੋਂ ਹੜ੍ਹ ਨੇ ਉਨ੍ਹਾਂ ਦਾ ਸੱਭ ਕੁੱਝ ਖੋਹ ਲਿਆ ਹੈ।’

ਜਰਮਨੀ ਦੇ ਰਿਨੇਲੈਂਡ-ਪਲਾਟੀਨੇਟ ਸੂਬੇ ਵਿਚ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਥੇ 60 ਲੋਕਾਂ ਦੀ ਮੌਤ ਹੋ ਚੁੱਕੀ ਹੈ , ਜਿਨ੍ਹਾਂ ਵਿਚ ਕਰੀਬ 9 ਲੋਕ ਦਿਵਿਆਂਗ ਪਨਾਹ ਕੇਂਦਰ ਵਿਚ ਰਹਿਣ ਵਾਲੇ ਸਨ। ਗੁਆਂਢ ਦੇ ਉਤਰੀ ਰਿਨੇ-ਵੇਸਟਫਾਲੀਆ ਸੂਬੇ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਸੰਖਿਆ 43 ਦੱਸੀ ਹੈ ਅਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਮ੍ਰਿਤਕਾਂ ਦੀ ਸੰਖਿਆ ਵੱਧ ਸਕਦੀ ਹੈ।

ਅਧਿਕਾਰੀਆਂ ਨੇ ਵੀਰਵਾਰ ਦੇਰ ਸ਼ਾਮ ਨੂੰ ਕਿਹਾ ਸੀ ਕਿ ਜਰਮਨੀ ਵਿਚ ਕਰੀਬ 1300 ਲੋਕ ਹੁਣ ਵੀ ਲਾਪਤਾ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।