ਕਾਬੂ ਹੇਠ ਆਈ ਓਕਾਨਾਗਨ ਝੀਲ ਦੇ ਆਲੇ-ਦੁਆਲੇ ਲੱਗੀ ਵਿਨਾਸ਼ਕਾਰੀ ਜੰਗਲੀ

Victoria- ਓਕਾਨਾਗਨ ਝੀਲ ਦੇ ਆਲੇ-ਦੁਆਲੇ ਲੱਗੀ ਵਿਨਾਸ਼ਕਾਰੀ ਜੰਗਲੀ ਅੱਗ ਹੁਣ ਤਕਰੀਬਨ ਕਾਬੂ ਹੇਠ ਆ ਗਈ ਹੈ। ਫਾਇਰ ਵਿਭਾਗ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੱਛਮੀ ਕੇਲੋਨਾ ਫਾਇਰ ਮੁਖੀ ਜੇਸਨ ਬਰੋਲੰਡ ਨੇ ਕਿਹਾ ਕਿ ਚੀਜ਼ਾਂ ਅਖ਼ੀਰ ਬਿਹਤਰ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ 500 ਫਾਇਰਫਾਈਟਰਜ਼ਾਂ ਦੀ ਇੱਕ ਫੌਜ ਲੜਾਈ ’ਚ ਲੱਗੀ ਹੋਈ ਹੈ, ਜੋ ਕਿ ਇੱਕ ਨਵੇਂ ਪੜਾਅ ’ਚ ਹੈ।
ਉਨ੍ਹਾਂ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 24 ਘੰਟਿਆਂ ’ਚ ਮੈਕਡਾਗਲ ਕ੍ਰੀਕ ਜੰਗਲ ਦੀ ਅੱਗ ਨਾਲ ਪੱਛਮੀ ਕੇਲੋਨਾ ’ਚ ਕੋਈ ਵੀ ਘਰ ਨਸ਼ਟ ਨਹੀਂ ਹੋਇਆ ਹੈ ਅਤੇ ਹੁਣ ਇੱਥੇ ਰਿਕਵਰੀ ਦੇ ਬਾਰੇ ’ਚ ਗੱਲ ਸ਼ੁਰੂ ਕਰਨਾ ਸੰਭਵ ਹੈ।
ਉੱਧਰ ਕੇਲੋਨਾ ਦੇ ਫਾਇਰ ਮੁਖੀ ਟ੍ਰੈਵਿਸ ਵਾਈਟਿੰਗ ਨੇ ਕਿਹਾ ਕਿ ਹਾਲ ਹੀ ਦਿਨਾਂ ’ਚ ਅੱਗ ਦੇ ਚਰਮ ਦੇ ਵਿਵਹਾਰ ਦੀ ਤੁਲਨਾ ’ਚ ਅੱਗ ਦੀ ਗਤੀਵਿਧੀ ’ਚ ਕਮੀ ਆਈ ਹੈ, ਕਿਉਂਕਿ ਪਿਛਲੇ ਦਿਨੀਂ ਇਸ ਅੱਗ ਨੇ ਝੀਲ ਦੇ ਦੋਵੇਂ ਕਿਨਾਰਿਆਂ ’ਤੇ ਪੱਛਮੀ ਕੇਲੋਨਾ ਅਤੇ ਕੇਲੋਨਾ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਸੀ। ਕੇਂਦਰੀ ਓਕਾਨਾਗਨ ’ਚ ਸਕਾਰਾਤਮਕ ਘਟਨਾਕ੍ਰਮ ਪੂਰੇ ਸੂਬੇ ’ਚ ਸੈਂਕੜੇ ਅੱਗਾਂ ਵਿਰੁੱਧ ਇੱਕ ਹਤਾਸ਼ ਲੜਾਈ ਵਿਚਾਲੇ ਆਇਆ ਹੈ, ਜਿਸ ਕਾਰਨ 30,000 ਲੋਕਾਂ ਨੂੰ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਅਤੇ ਇੱਥੇ ਸੂਬਾਈ ਸੰਕਟਕਾਲ ਲਾਗੂ ਹੈ।
ਵਾਇਟਿੰਗ ਨੇ ਕਿਹਾ ਕਿ ਇਹ ਹੁਣ ਅਜਿਹਾ ਦਿਨ ਹੈ, ਜਦੋਂ ਅਸੀਂ ਡੂੰਘਾ ਸਾਹ ਲੈ ਸਕਦੇ ਹਾਂ ਅਤੇ ਰਣਨੀਤੀ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ। ਉੱਥੇ ਬਰੋਲੰਡ ਨੇ ਕਿਹਾ ਕਿ ਹੁਣ ਅਜਿਹਾ ਮਹਿਸੂਸ ਹੋ ਰਿਹਾ ਕਿ ਹੁਣ ਅਸੀਂ ਪਿੱਛੇ ਜਾਣ ਦੀ ਬਜਾਏ ਅੱਗੇ ਵੱਧ ਰਹੇ ਹਾਂ।