ਅਮਰੀਕਾ ’ਚ ਅਪਾਰਟਮੈਂਟ ’ਤੇ ਡਿੱਗਾ ਹੈਲੀਕਾਪਟਰ, ਦੋ ਲੋਕਾਂ ਦੀ ਮੌਤ

Washington- ਅਮਰੀਕਾ ਦੇ ਫਲੋਰੀਡਾ ਵਿਖੇ ਸੋਮਵਾਰ ਸਵੇਰੇ ਇੱਕ ਹੈਲੀਕਾਪਟਰ ਦੇ ਇੱਕ ਅਪਾਰਟਮੈਂਟ ’ਤੇ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਹ ਹੈਲੀਪਾਕਟਰ ਬ੍ਰੋਵਾਰਡ ਕਾਊਂਟੀ ਫਲੋਰੀਡਾ ਸ਼ੈਰਿਫ਼ ਦਾ ਫਾਇਰ ਰੈਸਕਿਊ ਹੈਲੀਕਾਪਟਰ ਸੀ।
ਨੈਸ਼ਨਲ ਟਰਾਂਪੋਰਟੇਸ਼ਨ ਸੇਫਟੀ ਬੋਰਡ ਮੁਤਾਬਕ ਹਾਦਸੇ ਵੇਲੇ ਹੈਲੀਕਾਪਟਰ ’ਚ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ। ਮਿ੍ਰਤਕ ਦੀ ਪਹਿਚਾਣ ਬ੍ਰੋਵਾਰਡ ਸ਼ੈਰਿਫ਼ ਦੇ ਦਫਤਰ ਦੇ ਕੈਪਟਨ ਟੈਰੀਸਨ ਜੈਕਸਨ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੈਪਟਨ ਤੋਂ ਇਲਾਵਾ ਇਸ ਹਾਦਸੇ ’ਚ ਅਪਾਰਟਮੈਂਟ ’ਚ ਰਹਿੰਦੀ ਇੱਕ ਔਰਤ ਦੀ ਵੀ ਮੌਤ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਫੋਰਟ ਲਾਡਰਡੇਲ ਦੇ ਉੱਤਰ ’ਚ ਇੱਕ ਏਅਰਫੀਲਡ ਦੇ ਨੇੜੇ ਉਸ ਵੇਲੇ ਵਾਪਰਿਆ, ਜਦੋਂ ਹੈਲੀਕਾਪਟਰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਜਾ ਰਿਹਾ ਸੀ। ਬੋ੍ਰਵਾਰਡ ਸ਼ੈਰਿਫ ਗ੍ਰੈਗਰੀ ਟੋਨੀ ਨੇ ਕਿਹਾ ਕਿ ਹਾਦਸੇ ਵੇਲੇ ਹੈਲੀਕਾਪਟਰ ’ਚ ਸਵਾਰ ਦੋ ਫਾਇਰ ਕਰਮਚਾਰੀ ਕਿਸੇ ਤਰ੍ਹਾਂ ਹੈਲੀਕਾਪਟਰ ’ਚੋਂ ਬਾਹਰ ਨਿਕਲ ਗਏ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਇਨ੍ਹਾਂ ’ਚ ਪਾਇਲਟ ਅਤੇ ਇੱਕ ਪੈਰਾਮੈਡਿਕ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਪਾਇਲਟ, ਪੈਰਾਮੈਡਿਕ ਅਤੇ ਦੋ ਨਾਗਰਿਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰਿਆਂ ਦੀ ਸਥਿਤੀ ਖ਼ਤਰੇ ਤੋਂ ਬਾਹਰ ਹੈ।
ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਹੈ ਅਤੇ ਹੈਲੀਕਾਪਟਰ ’ਚੋਂ ਧੂੰਆਂ ਨਿਕਲ ਰਿਹਾ ਹੈ। ਇਸ ਤੋਂ ਕੁਝ ਸਮੇਂ ਬਾਅਦ ਇਹ ਹੈਲੀਕਾਪਟਰ ਇੱਕ ਅਪਾਰਟਮੈਂਟ ਦੇ ਉੱਪਰ ਜਾ ਡਿੱਗਾ। ਹਾਦਸੇ ਤੋਂ ਬਾਅਦ ਸ਼ੈਰਿਫ਼ ਦਫ਼ਤਰ ਨੇ ਕੈਪਟਨ ਟੈਰੀਸਨ ਜੈਕਸਨ ਸ਼ਰਧਾਂਜਲੀ ਭੇਂਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਿਛਲੇ 19 ਸਾਲਾਂ ਤੋਂ ਬ੍ਰੋਵਾਰਡ ਕਾਊਂਟੀ ਵਿਖੇ ਫਾਇਰ ਰੈਸਕਿਊ ’ਚ ਕੰਮ ਕੀਤਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।