ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਫੰਸਾਉਣ ਵਾਲਾ ਏਜੰਟ ਕਾਬੂ

ਡੈਸਕ- ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਕੈਨੇਡੀਅਨ ਕਾਲਜ ਦਾਖਲਾ ਪੱਤਰ ਘੁਟਾਲੇ ਵਿੱਚ ਸ਼ਾਮਲ ਭਾਰਤੀ ਇਮੀਗ੍ਰੇਸ਼ਨ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ ਕਰ ਲਿਆ ਗਿਆ ਹੈ। ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਉਦੋਂ ਹੋਈ ਜਦੋਂ ਉਹ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਦੱਸ ਦਈਏ ਕਿ ਬ੍ਰਿਜੇਸ਼ ਮਿਸ਼ਰਾ ਜਲੰਧਰ ਵਿੱਚ ਇੱਕ ਇਮੀਗ੍ਰੇਸ਼ਨ ਏਜੰਸੀ ਚਲਾਉਂਦਾ ਹੈ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਲਾਪਤਾ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਜਾਅਲੀ ਕਾਲਜ ਦਾਖਲਾ ਪੱਤਰ ਘੁਟਾਲੇ ਕਾਰਨ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਦੇ ਸੈਂਕੜੇ ਵਿਦਿਆਰਥੀ ਕਥਿਤ ਤੌਰ ‘ਤੇ ਦੇਸ਼ ਨਿਕਾਲੇ ਦੇ ਰਾਹ ਪਏ ਹੋਏ ਹਨ।

ਬ੍ਰਿਜੇਸ਼ ਮਿਸ਼ਰਾ ਖਿਲਾਫ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਰਵਾਈ ਕਰਦਿਆਂ ਉਸ ‘ਤੇ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਸਲਾਹ ਦੇਣ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਜਾਂ ਰੋਕਣ ਲਈ ਦੂਜਿਆਂ ਨੂੰ ਸਲਾਹ ਦੇਣ ਦਾ ਦੋਸ਼ ਲਗਾਇਆ। ਮਿਸ਼ਰਾ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵੇਲੇ ਅਯੋਗ ਪਾਇਆ ਗਿਆ ਸੀ, ਜਿਸ ਕਾਰਨ ਉਸ ਦੀ ਗ੍ਰਿਫਤਾਰੀ ਹੋਈ। ਜਦੋਂ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਦਾਖਲਾ ਲੈਣ ਵਾਲੇ ਸੰਭਾਵੀ ਭਾਰਤੀ ਵਿਦਿਆਰਥੀਆਂ ਨੂੰ ਸਵੀਕ੍ਰਿਤੀ ਦੇ ਫਰਜ਼ੀ ਪੱਤਰ ਜਾਰੀ ਕਰਨ ਵਿੱਚ ਉਸਦੀ ਕਥਿਤ ਭੂਮਿਕਾ ਲਈ ਅਧਿਕਾਰਤ ਤੌਰ ‘ਤੇ ਉਸਦੇ ਵਿਰੁੱਧ ਦੋਸ਼ ਦਾਇਰ ਕੀਤੇ ਗਏ ਸਨ। ਬ੍ਰਿਜੇਸ਼ ਮਿਸ਼ਰਾ ਵੱਲੋਂ ਜਾਰੀ ਕੀਤੇ ਜਾਅਲੀ ਦਾਖਲਾ ਪੱਤਰਾਂ ਦੇ ਕਾਰਨ ਹੀ ਅਨੇਕਾਂ ਭਾਰਤੀ ਵਿਦਿਆਰਥੀ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ।