ਤਾਈਵਾਨ-ਫਿਲੀਪੀਨਜ਼ ‘ਚ ਗੈਮੀ ਤੂਫਾਨ ਕਾਰਨ 25 ਦੀ ਮੌਤ: 380 ਤੋਂ ਵੱਧ ਲੋਕ ਜ਼ਖ਼ਮੀ

ਡੈਸਕ- ਵੀਰਵਾਰ ਨੂੰ ਤਾਈਵਾਨ ਅਤੇ ਫਿਲੀਪੀਨਜ਼ ‘ਚ ਤੂਫਾਨ ਗੇਮੀ ਕਾਰਨ 25 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 380 ਤੋਂ ਵੱਧ ਜ਼ਖਮੀ ਹੋ ਗਏ। ਇੱਕ ਸਮਾਚਾਰ ਏਜੰਸੀ ਦੇ ਮੁਤਾਬਕ ਫਿਲੀਪੀਂਸ ਵਿਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 22 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਤਾਈਵਾਨ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

ਰਿਪੋਰਟ ਮੁਤਾਬਕ ਦੋਵਾਂ ਦੇਸ਼ਾਂ ‘ਚ ਪਿਛਲੇ ਇਕ ਹਫਤੇ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਤਾਈਵਾਨ ਦੇ ਕਈ ਸ਼ਹਿਰਾਂ ਵਿਚ ਵੀ ਬਿਜਲੀ ਗੁੱਲ ਹੋ ਗਈ ਹੈ। ਉਥੇ ਸਕੂਲ ਅਤੇ ਕਾਲਜ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਮਨਾਹੀ ਕਰ ਦਿੱਤੀ ਗਈ ਹੈ।

ਤੂਫਾਨ ਗੇਮੀ ਦਾ ਅਸਰ ਚੀਨ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਫੁਜਿਆਨ ਸੂਬੇ ਵਿੱਚ ਉਡਾਣਾਂ ਅਤੇ ਰੇਲਗੱਡੀਆਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਹੁਣ ਤੱਕ 1.5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਚੁੱਕਾ ਹੈ।