ਚੰਡੀਗੜ੍ਹ-ਪੀਜੀਆਈ ਡਾਕਟਰਾਂ ਦੇ ਬੋਰਡ ਵੱਲੋਂ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਤੋਂ ਸਾਰੀ ਤਸਵੀਰ ਸਾਫ ਹੋ ਗਈ ਹੈ । ਪੋਸਟਮਾਰਟਮ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਨਾਲ ਹੀ ਹੋਈ ਸੀ। ਇਸ ਦੇ ਨਾਲ ਨਾਲ ਉਸਦੇ ਸਰੀਰ ਵਿਚ ਕੋਈ ਵੀ ਜ਼ਖ਼ਮ ਨਹੀਂ ਮਿਲੇ, ਜਿਸ ਨਾਲ ਉਸ ਦੇ ਟਾਰਚਰ ਦੀ ਪੁਸ਼ਟੀ ਹੁੰਦੀ ਹੋਵੇ।
ਡਾਕਟਰੀ ਬੋਰਡ ਦੀ ਦੇਖ-ਰੇਖ ਵਿਚ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੋਸਟਮਾਰਟਮ ਦੇ ਵਿਚ ਦੱਸਿਆ ਗਿਆ ਹੈ ਕਿ ਜੈਪਾਲ ਨੂੰ ਐਨਕਾਊਂਟਰ ਦੌਰਾਨ 4 ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿਚੋਂ ਇਕ ਗੋਲੀ ਖੱਬੇ ਪਾਸੇ ਛਾਤੀ ਵਿੱਚ 8 ਸੈਂਟੀਮੀਟਰ ਤੱਕ ਡੂੰਘੀ ਗਈ ਸੀ , ਜੋ ਕਿ ਮੌਤ ਦਾ ਕਾਰਣ ਬਣੀ। ਡਾਕਟਰਾਂ ਦੇ ਬੋਰਡ ਵਿਚ ਵਿਭਾਗ ਦੇ ਪ੍ਰਧਾਨ ਵਾਈ. ਐੱਸ. ਬਾਂਸਲ, ਪ੍ਰੋ. ਰਤਿਮਭਰਾ ਨਾਡਾ, ਸਹਾਇਕ ਪ੍ਰੋ. ਚੇਰਿੰਗ ਤਾਂਦੂਪ ਅਤੇ ਡਾਕਟਰ ਸੈਂਥਿਲ ਕੁਮਾਰ ਸ਼ਾਮਲ ਸਨ।
ਰਿਪੋਰਟ ਮੁਤਾਬਿਕ ਐਕਸਰੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੋ ਜਗ੍ਹਾ ਫਰੈਕਚਰ ਸਨ ਪਰ ਉਹ ਵੀ ਗੋਲੀਆਂ ਕਾਰਣ ਹੀ ਸਨ। ਮੌਤ ਦਾ ਅਸਲ ਕਾਰਨ ਗੋਲੀ ਲੱਗਣ ਤੋਂ ਬਾਅਦ ਸ਼ੌਕ ਹੋ ਸਕਦਾ ਹੈ ਅਤੇ ਮੌਕੇ ’ਤੇ ਮੌਤ ਹੋਣ ਦੀ ਪੁਸ਼ਟੀ ਪੋਸਟਮਾਰਟਮ ਵਿਚ ਹੋਈ ਹੈ। ਡਾਕਟਰਾਂ ਨੇ ਗੋਲੀ ਲੱਗਣ ਅਤੇ ਮੌਤ ਵਿਚ ਦੇ ਸਮੇਂ ਦੇ ਵਿਸ਼ੇ ਵਿਚ ਲਿਖਿਆ ਹੈ ਕਿ ਡੈੱਥ ਆਨ ਦਿ ਸਪਾਟ ਹੀ ਹੋ ਗਈ ਸੀ। ਕੋਈ ਵੀ ਜਖ਼ਮ ਸਰੀਰਕ ਪ੍ਰਤਾੜਨਾ ਭਾਵ ਟਾਰਚਰ ਨਾਲ ਨਹੀਂ ਹੋਏ ਸਗੋਂ ਗੋਲੀਆਂ ਜਾਂ ਉਨ੍ਹਾਂ ਦੇ ਛਰਿਆਂ ਨਾਲ ਹੋਏ ਸਨ । ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਇੰਜਰੀ ਵੀ ਨਹੀਂ ਮਿਲੀ।
ਟੀਵੀ ਪੰਜਾਬ ਬਿਊਰੋ