ਜਲੰਧਰ- ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਸ਼ਾਮਲ ਦੋਸ਼ੀ ਪਲਵਿੰਦਰ ਸਿੰਘ ਭਿੰਦਾ ਸਮੇਤ ਸੁਪਾਰੀ ਲੈ ਕੇ ਹੱਤਿਆ ਕਰਨ, ਡਰਾਉਣ ਧਮਕਾਉਣ ਤੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਆਪਣੇ ਦਫਤਰ ਪ੍ਰੈੱਸ ਕਾਨਫਰੰਸ ਕਰਦਿਆਂ ਐੱਸਐੱਸਪੀ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰਾਂ ਨੂੰ ਕਈ ਦਿਨ ਚੱਲੇ ਆਪ੍ਰੇਸ਼ਨ ਦੌਰਾਨ ਸ਼ਾਹਕੋਟ, ਧਰਮਕੋਟ ਤੇ ਲੋਹੀਆਂ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਗਿਰੋਹ ਦੇ ਮੈਂਬਰਾਂ ਕੋਲੋਂ ਹਥਿਆਰ, ਗੋਲ ਸਿੱਕਾ ਅਤੇ ਦੋ ਗੱਡੀਆਂ ਤੋਂ ਇਲਾਵਾ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ।
ਐੱਸਐੱਸਪੀ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਪਰਮਜੀਤ ਸਿੰਘ ਉਰਫ ਪੰਮਾ ਹੈ ਜੋ ਕਿ ਗਰੀਸ ਵਿਚ ਰਹਿੰਦਾ ਹੈ ਅਤੇ ਉਥੋਂ ਹੀ ਸੁਪਾਰੀ ਲੈ ਕੇ ਗਿਰੋਹ ਦੇ ਮੈਂਬਰਾਂ ਨੂੰ ਰਕਮ ਭੇਜ ਕੇ ਉਨ੍ਹਾਂ ਨੂੰ ਹੱਤਿਆ ਕਰਨ, ਡਰਾਉਣ ਧਮਕਾਉਣ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਗੋਲੀਆਂ ਚਲਾਉਣ ਦਾ ਧੰਦਾ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਪਲਵਿੰਦਰ ਸਿੰਘ ਉਰਫ ਭਿੰਦਾ ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਸ਼ਾਮਲ ਸੀ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ।