Hawaii wildfires : ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਕੇ 53

Washington- ਅਮਰੀਕਾ ਦੇ ਹਵਾਈ ਦੇ ਮਾਉਈ ਕਾਊਂਟੀ ’ਚ ਲਾਹਿਨਾ ਕਸਬੇ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 53 ਹੋ ਗਈ ਹੈ। ਮਾਉਈ ਕਾਊਂਟੀ ਵਲੋਂ ਅੱਜ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਕਾਊਂਟੀ ਵਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਅੱਗ ਕਾਰਨ ਅੱਜ 17 ਹੋਰ ਮੌਤਾਂ ਹੋਈਆਂ ਹਨ, ਜਿਸ ਤੋਂ ਬਾਅਦ ਇਹ ਅੰਕੜਾ ਵੱਧ ਕੇ 53 ਹੋ ਗਿਆ ਹੈ। ਬਿਆਨ ’ਚ ਦੱਸਿਆ ਗਿਆ ਹੈ ਕਿ ਜੰਗਲ ’ਚ ਅੱਗ ਅਜੇ ਵੀ ਲੱਗੀ ਹੋਈ ਹੈ। ਦੱਸਣਯੋਗ ਹੈ ਕਿ ਖ਼ੁਸ਼ਕ ਗਰਮੀ ਅਤੇ ਤੇਜ਼ ਹਵਾਵਾਂ ਕਾਰਨ ਬੀਤੇ ਮੰਗਲਵਾਰ ਨੂੰ ਲੱਗੀ ਅੱਗ ਬੜੀ ਤੇਜ਼ੀ ਨਾਲ ਇੱਥੋਂ ਦੇ ਨਜ਼ਦੀਕੀ ਸ਼ਹਿਰ ਲਾਹਿਨਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਫੈਲ ਗਈ। ਲਾਹਿਨਾ ਮਾਉਈ ਕਾਊਂਟੀ ਦਾ ਇੱਕ ਇਤਿਹਾਸਕ ਕਸਬਾ ਹੈ ਅਤੇ ਇਹ ਸੈਲਾਨੀਆਂ ’ਚ ਕਾਫ਼ੀ ਪ੍ਰਸਿੱਧ ਹੈ। ਮਾਉਈ ਕਾਊਂਟੀ ਵਲੋਂ ਜਾਰੀ ਬਿਆਨ ’ਚ ਇਹ ਦੱਸਿਆ ਗਿਆ ਹੈ ਕਿ ਅੱਗ ਕਾਰਨ ਕਈ ਕਾਰਾਂ ਸੜ ਗਈਆਂ ਅਤੇ ਕਈ ਇਤਿਹਾਸਕ ਇਮਾਰਤਾਂ ਮਲਬੇ ਦੇ ਢੇਰ ’ਚ ਬਦਲ ਗਈਆਂ। ਇੰਨਾ ਹੀ ਨਹੀਂ, ਅੱਗ ਤੋਂ ਬਚਣ ਲਈ ਸਥਾਨਕ ਲੋਕਾਂ ਵਲੋਂ ਕਾਫ਼ੀ ਜੱਦੋ-ਜਹਿਦ ਕੀਤੀ ਗਈ ਅਤੇ ਕਈਆਂ ਨੇ ਬਚਣ ਦੀ ਖ਼ਾਤਰ ਸਮੁੰਦਰ ’ਚ ਛਾਲਾਂ ਮਾਰ ਦਿੱਤੀਆਂ, ਜਿਨ੍ਹਾਂ ਨੂੰ ਬਾਅਦ ’ਚ ਅਮਰੀਕੀ ਕੋਸਟ ਗਾਰਡ ਵਲੋਂ ਬਚਾਇਆ ਗਿਆ। ਫਿਲਹਾਲ ਫਾਇਰਫਾਈਟਰਜ਼ ਅੱਗ ਨੂੰ ਕਾਬੂ ਹੇਠ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਤੱਟ ਰੱਖਿਆ ਬਲ ਤੇ ਜਲ ਸੈਨਾ ਵਲੋਂ ਉਨ੍ਹਾਂ ਦੀ ਇਸ ਕੰਮ ’ਚ ਸਹਾਇਤਾ ਕੀਤੀ ਜਾ ਰਹੀ ਹੈ।