ਮੁੜ ਵਧੀ ਪੰਘਾਲੀ ਦੀ ਡੇਅ ਪੈਰੋਲ, ਗਰਭਵਤੀ ਪਤਨੀ ਦੀ ਹੱਤਿਆ ਦੇ ਮਾਮਲੇ ’ਚ ਕੱਟ ਰਿਹੈ ਉਮਰਕੈਦ

Surrey- ਆਪਣੀ ਗਰਭਵਤੀ ਦੀ ਹੱਤਿਆ ਦੇ ਦੋਸ਼ ’ਚ ਉਮਰਕੈਦ ਕੱਟ ਰਹੇ ਸਰੀ ਵਾਸੀ ਮੁਖਤਿਆਰ ਸਿੰਘ ਪੰਘਾਲੀ ਦੀ ਡੇਅ ਪੈਰੋਲ ਨੂੰ ਕੈਨੇਡਾ ਦੇ ਪੈਰੋਲ ਬੋਰਡ ਨੇ ਅਗਲੇ 6 ਮਹੀਨਿਆਂ ਲਈ ਵਧਾ ਦਿੱਤਾ ਹੈ। 51 ਸਾਲਾ ਪੰਘਾਲੀ ਨੇ ਆਪਣੀ ਗਰਭਵਤੀ ਪਤਨੀ ਮਨਜੀਤ ਪੰਘਾਲੀ (31) ਦੀ 18 ਅਕਤੂਬਰ, 2006 ਨੂੰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਮਗਰੋਂ ਉਸ ਨੇ ਸਬੂਤ ਮਿਟਾਉਣ ਲਈ ਲਾਸ਼ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ। ਉਸ ਦੀ ਲਾਸ਼ ਦੱਖਣੀ ਡੈਲਟਾ ਦੇ ਇੱਕ ਬੀਚ ਤੋਂ ਮਿਲੀ ਸੀ। ਇਸ ਮਾਮਲੇ ’ਚ ਪੰਘਾਲੀ ਨੂੰ ਪਹਿਲਾਂ 25 ਜੁਲਾਈ 2022 ਨੂੰ ਛੇ ਮਹੀਨਿਆਂ ਲਈ ਡੇਅ ਪੈਰੋਲ ਮਿਲੀ ਸੀ ਅਤੇ ਇਸ ਮਗਰੋਂ 6 ਜਨਵਰੀ, 2023 ਨੂੰ ਉਸ ਨੂੰ ਇੱਕ ਵਾਰ ਫਿਰ ਪੈਰੋਲ ਦਿੱਤੀ ਗਈ ਸੀ।
ਦੱਸਣਯੋਗ ਹੈ ਕਿ ਪੰਘਾਲੀ ਅਤੇ ਉਸਦੀ ਪਤਨੀ ਦੋਵੇਂ ਸਰੀ ਵਿਖੇ ਸਕੂਲ ਅਧਿਆਪਕ ਸਨ। ਪੰਘਾਲੀ ਪਿ੍ਰੰਸੇਜ਼ ਮਾਰਗਰੇਟ ਸੈਕੰਡਰੀ ਸਕੂਲ ’ਚ ਫਿਜ਼ੀਕਸ ਅਤੇ ਉਸ ਦੀ ਪਤਨੀ ਮਨਜੀਤ ਪੰਘਾਲੀ ਨਾਰਥ ਰਿਜ ਐਲੀਮੈਂਟਰੀ ਸਕੂਲ ’ਚ ਪੜ੍ਹਾਉਂਦੀ ਸੀ। ਜਦੋਂ ਪੰਘਾਲੀ ਨੇ ਮਨਜੀਤ ਕੌਰ ਦੀ ਹੱਤਿਆ ਕੀਤੀ, ਉਸ ਵੇਲੇ ਉਹ ਚਾਰ ਮਹੀਨਿਆਂ ਦੀ ਗਰਭਵਤੀ ਸੀ ਅਤੇ ਉਨ੍ਹਾਂ ਦੀ ਧੀ ਤਿੰਨ ਸਾਲ ਦੀ ਸੀ। ਪੰਘਾਲੀ ਨੂੰ ਪਤਨੀ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਸਾੜਨ ਦੇ ਮਾਮਲੇ ’ਚ ਸਾਲ 2010 ’ਚ ਦੋਸ਼ੀ ਠਹਿਰਾਉਂਦਿਆਂ ਨਿਊ ਵੈਸਟਮਿੰਸਟਰ ਦੀ ਬੀ. ਸੀ. ਸੁਪਰੀਮ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਮੁਤਾਬਕ 11 ਸਾਲ ਕੈਦ ਕੱਟਣ ਉਪੰਰਤ ਹੀ ਪੈਰੋਲ ਲਈ ਯੋਗ ਹੋ ਸਕਦਾ ਸੀ।