Washington- ਅਮਰੀਕਾ ਦੇ ਮੱਧ ’ਚ ਸਥਿਤ ਹਵਾਈ ਦੇ ਮਾਉਈ ਟਾਪੂ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਇੱਥੋਂ ਦਾ ਲਾਹਿਨਾ ਕਸਬਾ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ। ਇਸ ਇਤਿਹਾਸਕ ਸ਼ਹਿਰ ’ਚ ਹੁਣ ਤੱਕ 1000 ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਹਵਾਈ ਦੇ ਗਵਰਨਰ ਜੋਸ਼ ਗਰੀਨ ਨੇ ਦੱਸਿਆ ਕਿ 16 ਲੱਖ ਦੀ ਆਬਾਦੀ ਵਾਲੇ ਲਾਹਿਨਾ ਕਸਬੇ ’ਚ ਮਚੀ ਤਬਾਹੀ ਮਗਰੋਂ ਇਸ ਨੂੰ ਮੁੜ ਖੜ੍ਹਾ ਕਰਨ ’ਚ ਕਈ ਸਾਲ ਅਤੇ ਅਰਬਾਂ ਰੁਪਏ ਲੱਗ ਜਾਣਗੇ। ਗਵਰਨਰ ਮੁਤਾਬਕ 1961 ’ਚ ਇੱਕ ਸਮੁੰਦਰੀ ਲਹਿਰ ਕਾਰਨ 61 ਲੋਕਾਂ ਦੀ ਹੋਈ ਮੌਤ ਮਗਰੋਂ ਇਹ ਸਭ ਤੋਂ ਵੱਡੀ ਆਫ਼ਤ ਹੈ। ਉਨ੍ਹਾਂ ਦੱਸਿਆ ਕਿ ਅੱਜ ਲਾਹਿਨਾ ਵਾਸੀ ਪ੍ਰਭਾਵਿਤ ਥਾਵਾਂ ’ਤੇ ਆ ਸਕਦੇ ਹਨ ਅਤੇ ਦੇਖ ਸਕਦੇ ਹਨ ਕਿ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ। ਰਾਸ਼ਟਰਪਤੀ ਜੋ ਬਾਇਡਨ ਨੇ ਵੀ ਵੀਰਾਵਰ ਨੂੰ ਇਸ ਨੂੰ ਆਫ਼ਤ ਐਲਾਨਣ ਮਗਰੋਂ ਰਾਹਤ ਕਾਰਜਾਂ ਲਈ ਫੰਡ ਜਾਰੀ ਕੀਤਾ ਸੀ।
ਦੱਸਣਯੋਗ ਹੈ ਕਿ ਖ਼ੁਸ਼ਕ ਗਰਮੀ ਅਤੇ ਤੂਫ਼ਾਨ ਕਾਰਨ ਵਗੀਆਂ ਤੇਜ਼ ਹਵਾਵਾਂ ਦੇ ਚੱਲਦਿਆਂ ਇਸ ਹਫ਼ਤੇ ਮਉਈ ਦੇ ਤਿੰਨ ਜੰਗਲਾਂ ’ਚ ਅੱਗ ਭੜਕ ਉੱਠੀ ਅਤੇ ਤੇਜ਼ੀ ਨਾਲ ਇਹ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਵਧੀ। ਅੱਗ ਦਾ ਸਭ ਤੋਂ ਵੱਧ ਅਸਰ ਲਾਹਿਨਾ ਕਸਬੇ ’ਚ ਹੋਇਆ ਅਤੇ ਪਲਾਂ ’ਚ ਹੀ ਨੀਲੇ ਸਮੁੰਦਰ ਅਤੇ ਹਰੀਆਂ-ਭਰੀਆਂ ਢਲਾਣਾ ਵਾਲਾ ਇਹ ਇਹਿਤਾਸਕ ਸ਼ਹਿਰ ਖ਼ਾਕ ਅਤੇ ਮਲਬੇ ਦਾ ਢੇਰ ਬਣ ਗਿਆ। ਅੱਗ ਤੋਂ ਬਚੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ’ਚ ਪਹਿਲਾਂ ਕੋਈ ਸਾਇਰਨ ਦੀ ਆਵਾਜ਼ ਜਾਂ ਚਿਤਾਵਨੀ ਨਹੀਂ ਦਿੱਤੀ ਗਈ ਅਤੇ ਜਦੋਂ ਉਨ੍ਹਾਂ ਨੇ ਅੱਗ ਤੇ ਧਮਕਿਆਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਖ਼ਤਰੇ ’ਚ ਹਨ। ਇਸ ਮਗਰੋਂ ਉਨ੍ਹਾਂ ਨੂੰ ਜਾਨ ਬਚਾਉਣ ਲਈ ਭਾਜੜਾਂ ਪੈ ਗਈਆਂ।