Washington- ਅਮਰੀਕਾ ਦੇ ਕਈ ਹਿੱਸਿਆਂ ’ਚ ਪਿਛਲੇ ਇੱਕ ਮਹੀਨੇ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਲੋਕ ਹਾਲੋ-ਬੇਹਾਲ ਹਨ। ਕੈਲੀਫੋਰਨੀਆ ਤੋਂ ਲੈ ਕੇ ਫਲੋਰਿਡਾ ਤੱਕ 87 ਮਿਲੀਅਨ ਇਸ ਵੇਲੇ ਹੀਟ ਅਲਰਟ ਹੇਠ ਹਨ। ਹਾਲਾਂਕਿ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ’ਚ ਗਰਮੀ ਤੋਂ ਕੁਝ ਰਾਹਤ ਦੀ ਉਮੀਦ ਹੈ। ਨੈਸ਼ਨਲ ਵੈਦਰ ਸਰਵਿਸ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਸ ਵਲੋਂ ਅਨੁਮਾਨ ਲਗਾਇਆ ਗਿਆ ਹੈ ਕਿ ਰੇਗਿਸਤਾਨ ਦੇ ਦੱਖਣੀ-ਪੱਛਮੀ ਹਿੱਸੇ ਅਤੇ ਟੈਕਸਾਸ ’ਚ ਸ਼ਨੀਵਾਰ ਤੱਕ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਖਾੜੀ ਤੱਟ ਅਤੇ ਦੱਖਣ-ਪੂਰਬ ’ਚ ਸ਼ੁੱਕਰਵਾਰ ਤੱਕ ਦਿਨ ਦਾ ਤਾਪਮਾਨ 90 ਡਿਗਰੀ ਫਾਰਨਹੀਟ ਤੋਂ ਉੱਪਰ ਰਹਿਣ ਦੀ ਉਮੀਦ ਹੈ ਪਰ ਹਵਾ ’ਚ ਨਮੀ ਦੇ ਉੱਚ ਪੱਧਰ ਕਾਰਨ ਕੁਝ ਥਾਵਾਂ ’ਤੇ ਤਾਪਮਾਨ 110-120 ਡਿਗਰੀ ਫਾਰਨਹੀਟ ਵਾਂਗ ਮਹਿਸੂਸ ਹੋਵੇਗਾ। ਇੰਨਾ ਹੀ ਨਹੀਂ ਰਿਕਾਰਡ ਤੋੜ ਗਰਮੀ ਦੇ ਅਗਲੇ ਹਫ਼ਤੇ ਤੱਕ ਬਰਕਰਾਰ ਰਹਿਣ ਦੀ ਉਮੀਦ ਹੈ।
ਉੱਧਰ ਨੈਸ਼ਨਲ ਓਸ਼ੀਐਨਿਕ ਐਂਡ ਐਟਮੌਸਫੇਰਿਕ (ਐੱਨ. ਓ. ਏ. ਏ.) ਦਾ ਕਹਿਣਾ ਹੈ ਕਿ ਟੈਕਸਾਸ, ਐਰੀਜ਼ੋਨਾ, ਫਲੋਰਿਡਾ ਅਤੇ ਮੱਧ-ਦੱਖਣ ’ਚ ਤਾਪਮਾਨ ਆਮ ਨਾਲੋਂ 70% ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ ਅਰੀਜ਼ੋਨਾ ਦੀ ਰਾਜਧਾਨੀ ਫੀਨਿਕਸ ’ਚ ਤਾਂ ਤਾਪਮਾਨ ਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ। ਇੱਥੇ ਲਗਾਤਾਰ 21 ਦਿਨਾਂ ਤੱਕ ਦਿਨ ਦਾ ਤਾਪਮਾਨ 110 ਡਿਗਰੀ ਫਾਰਨਹੀਟ ਤੋਂ ਉੱਪਰ ਰਿਹਾ ਅਤੇ ਬੁੱਧਵਾਰ ਨੂੰ ਇਹ ਅੰਕੜਾ 119 ਡਿਗਰੀ ਤੱਕ ਪਹੁੰਚ ਗਿਆ। ਰਾਤ ਦੇ ਤਾਪਮਾਨ ’ਚ ਕੋਈ ਵਧੇਰੇ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ ਹੈ। ਫੀਨਿਕਸ ਵਰਗੇ ਸ਼ਹਿਰ ’ਚ ਰਾਤ ਵੇਲੇ ਵੀ ਤਾਪਮਾਨ 90 ਡਿਗਰੀ ਫਾਰਨਹੀਟ ਦੇ ਆਸਪਾਸ ਹੀ ਦਰਜ ਕੀਤਾ ਗਿਆ ਹੈ।