ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫਾ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਮਾਲਵਿੰਦਰ ਮਾਲੀ ਨੇ ਇੱਕ ਪੱਤਰ ਲਿਖ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਝਾਅ ਦੇਣ ਲਈ ਦਿੱਤੀ ਆਪਣੀ ਸਹਿਮਤੀ ਵਾਪਸ ਲੈਂਦਾ ਹਾਂ।

ਇਸ ਦੇ ਨਾਲ ਹੀ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਹੈ ਕਿ ਜੇਕਰ ਉਸ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਕੈਪਟਨ ਅਮਰਿੰਦਰ ਸਿੰਘ, ਵਿਜੇਇੰਦਰ ਸਿੰਗਲਾ, ਮਨੀਸ਼ ਤਿਵਾੜੀ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਭਾਜਪਾ ਸਕੱਤਰ ਸੁਭਾਸ਼ ਸ਼ਰਮਾ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਤੇ ਜਰਨੈਲ ਸਿੰਘ ਜਿੰਮੇਵਾਰ ਹੋਣਗੇ। ਜ਼ਿਕਰਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਦੇ ਬਿਆਨਾਂ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।

ਹਾਲ ਹੀ ਵਿਚ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ ਵਿਵਾਦਤ ਟਿੱਪਣੀਆਂ ਕੀਤੀਆਂ ਹਨ। ਜਿਸ ਤੋਂ ਬਾਅਦ ਰਾਜਨੀਤੀ ਗਰਮਾ ਗਈ। ਇਸ ਮਾਮਲੇ ਬਾਰੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ ਇਨ੍ਹਾਂ ਦੀ ਨਿਯੁਕਤੀ ਪਾਰਟੀ ਵੱਲੋਂ ਨਹੀਂ ਕੀਤੀ ਗਈ ਹੈ ਪਰ ਜੇਕਰ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਨਾ ਕੋਈ ਅਹੁਦਾ ਲਿਆ ਨਾ ਕਿਸੇ ਅਹੁਦੇ ਤੋਂ ਅਸਤੀਫ਼ਾ ਦਿੱਤਾ : ਮਾਲੀ 

ਮਾਲਵਿੰਦਰ ਸਿੰਘ ਮਾਲੀ ਦੀ ਇਕ ਪੋਸਟ ਸਾਹਮਣੇ ਆਈ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਨਾ ਕੋਈ ਅਹੁਦਾ ਲਿਆ ਨਾ ਕਿਸੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੈੱਸ ਬਿਆਨ ਵਿਚ ਵੀ ਸਪਸ਼ਟ ਲਿਖਿਆ ਹੈ ਕਿ ਸਲਾਹ ਲੈਣ ਲਈ ਦਿੱਤੀ ਸਹਿਮਤੀ ਨਿਮਰਤਾ ਸਹਿਤ ਵਾਪਸ ਲੈ ਰਿਹਾ ਹਾਂ ਪਰ ਮੀਡੀਆ ਚਲਾ ਰਿਹਾ ਹੈ ਕਿ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ।

ਟੀਵੀ ਪੰਜਾਬ ਬਿਊਰੋ