ਡੈਸਕ- ਮੌਨਸੂਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਦਿੱਲੀ ਵਿਚ ਲਗਾਤਾਰ ਤਿੰਨ ਘੰਟੇ ਮੀਂਹ ਪਿਆ, ਜੋ ਪਿਛਲੇ 88 ਸਾਲਾਂ ਵਿਚ ਇਸ ਮਹੀਨੇ ਦੀ ਸੱਭ ਤੋਂ ਵੱਧ ਬਾਰਸ਼ ਹੈ ਅਤੇ ਰਾਸ਼ਟਰੀ ਰਾਜਧਾਨੀ ਵਿਚ ਮੀਂਹ ਨਾਲ ਸਬੰਧਤ ਹਾਦਸਿਆਂ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸੇ ਪਾਣੀ ਵਿਚ ਡੁੱਬ ਗਏ।
ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਇਕ ਹਿੱਸਾ ਪਾਰਕ ਕੀਤੀਆਂ ਕਾਰਾਂ ‘ਤੇ ਡਿੱਗ ਗਿਆ, ਜਿਸ ਨਾਲ ਇਕ ਕੈਬ ਡਰਾਈਵਰ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਜਹਾਜ਼ਾਂ ਦਾ ਸੰਚਾਲਨ ਮੁਅੱਤਲ ਕਰਨਾ ਪਿਆ। ਰੋਹਿਣੀ ਦੇ ਪ੍ਰੇਮ ਨਗਰ ਇਲਾਕੇ ‘ਚ ਬਿਜਲੀ ਦਾ ਕਰੰਟ ਲੱਗਣ ਨਾਲ 39 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ ਨਿਊ ਉਸਮਾਨਪੁਰ ਇਲਾਕੇ ‘ਚ ਬਰਸਾਤੀ ਪਾਣੀ ‘ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ।
ਪੁਲਿਸ ਨੇ ਦਸਿਆ ਕਿ ਉੱਤਰ-ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ ਖੇਤਰ ਵਿਚ ਇਕ ਅੰਡਰਪਾਸ ਵਿਚ ਜਮ੍ਹਾਂ ਹੋਏ ਮੀਂਹ ਦੇ ਪਾਣੀ ਵਿਚ ਡੁੱਬਣ ਨਾਲ ਇਕ 20 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵਸੰਤ ਵਿਹਾਰ ਵਿਚ ਇਕ ਉਸਾਰੀ ਅਧੀਨ ਕੰਧ ਡਿੱਗਣ ਨਾਲ ਤਿੰਨ ਮਜ਼ਦੂਰ ਮਲਬੇ ਹੇਠ ਦੱਬ ਗਏ। ਬਚਾਅ ਕਾਰਜ ਸ਼ਾਮ ਤਕ ਜਾਰੀ ਰਿਹਾ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਉਨ੍ਹਾਂ ਦੇ ਬਚਣ ਦੀਆਂ ਉਮੀਦਾਂ ਮੱਧਮ ਹੁੰਦੀਆਂ ਗਈਆਂ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਸ਼ਹਿਰ ਵਿਚ 1936 ਤੋਂ ਬਾਅਦ ਪਿਛਲੇ 88 ਸਾਲਾਂ ਵਿਚ ਜੂਨ ਵਿਚ ਸੱਭ ਤੋਂ ਵੱਧ ਬਾਰਸ਼ ਦਰਜ ਕੀਤੀ ਗਈ ਹੈ, ਅਤੇ 1901 ਤੋਂ 2024 ਦੀ ਮਿਆਦ ਵਿਚ ਦੂਜੀ ਸੱਭ ਤੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ। ਮੌਨਸੂਨ ਦੀ ਪਹਿਲੀ ਬਾਰਸ਼ ਨੇ ਲੁਟੀਅਨਜ਼ ਦਿੱਲੀ ਸਮੇਤ ਦਿੱਲੀ ਦੇ ਵੱਖ-ਵੱਖ ਪੌਸ਼ ਇਲਾਕਿਆਂ ਵਿਚ ਪਾਣੀ ਭਰ ਦਿਤਾ, ਜਿਥੇ ਕਈ ਮੰਤਰੀ ਅਤੇ ਸੰਸਦ ਮੈਂਬਰ ਰਹਿੰਦੇ ਹਨ। ਭਾਰੀ ਮੀਂਹ ਤੋਂ ਬਾਅਦ ਪਾਣੀ ਭਰ ਜਾਣ ਕਾਰਨ ਸੰਸਦ ਮੈਂਬਰਾਂ ਨੂੰ ਸੰਸਦ ਤਕ ਪਹੁੰਚਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ ਦਿੱਲੀ ਦੇ ਜਲ ਮੰਤਰੀ ਆਤਿਸ਼ੀ, ਕਾਂਗਰਸ ਦੇ ਸ਼ਸ਼ੀ ਥਰੂਰ ਅਤੇ ਮਨੀਸ਼ ਤਿਵਾੜੀ ਅਤੇ ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਸਮੇਤ ਕਈ ਸੰਸਦ ਮੈਂਬਰਾਂ ਦੇ ਬੰਗਲੇ ਪਾਣੀ ਵਿਚ ਡੁੱਬ ਗਏ।