ਪੰਜਾਬ ‘ਚ ਮਾਈਨਸ 0.4 ਡਿਗਰੀ ਪਹੁੰਚਿਆ ਪਾਰਾ, 7 ਜ਼ਿਲ੍ਹਿਆਂ ‘ਚ ਧੁੰਦ ਦਾ ਰੈੱਡ ਅਲਰਟ

ਡੈਸਕ- ਉੱਤਰੀ ਭਾਰਤ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਕੜਾਕੇ ਦੀ ਠੰਢ ਨੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਸੰਘਣੀ ਧੁੰਦ ਦੇ ਨਾਲ-ਨਾਲ ਕੜਾਕੇ ਦੀ ਠੰਢ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਪੰਜਾਬ ਵਿੱਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਰਾਤ ਦਾ ਤਾਪਮਾਨ ਮਨਫ਼ੀ ਦਰਜ ਕੀਤਾ ਗਿਆ। ਨਵਾਂਸ਼ਹਿਰ (ਐੱਸ. ਬੀ. ਐੱਸ. ਨਗਰ) ਸੂਬੇ ‘ਚ -0.4 ਡਿਗਰੀ ‘ਤੇ ਸਭ ਤੋਂ ਠੰਡਾ ਰਿਹਾ। ਵਿਜ਼ੀਬਿਲਟੀ ਘੱਟ ਹੋਣ ਕਾਰਨ ਟ੍ਰੈਫਿਕ ਵਿਵਸਥਾ ਵੀ ਵਿਗੜ ਗਈ ਹੈ।

ਮੌਸਮ ਵਿਭਾਗ ਮੁਤਾਬਕ ਫਿਲਹਾਲ ਇਸ ਕੜਾਕੇ ਦੀ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ। ਵਿਭਾਗ ਨੇ ਬੁੱਧਵਾਰ ਨੂੰ ਪੰਜਾਬ ਦੇ ਸੱਤ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ ਵਿੱਚ ਬੇਹੱਦ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਢ ਰਹੇਗੀ ਅਤੇ ਸੀਤ ਲਹਿਰ ਵੀ ਜਾਰੀ ਰਹੇਗੀ, ਜਦੋਂ ਕਿ ਬਾਕੀ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਵੀਰਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਸਵੇਰੇ ਬੇਹੱਦ ਸੰਘਣੀ ਧੁੰਦ ਕਾਰਨ ਬਠਿੰਡਾ ‘ਚ ਵਿਜ਼ੀਬਿਲਟੀ ਜ਼ੀਰੋ ਰਹੀ। ਜਦੋਂਕਿ ਪਟਿਆਲਾ ਵਿੱਚ 25 ਮੀਟਰ ਅਤੇ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ 50-50 ਮੀਟਰ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਮੰਗਲਵਾਰ ਨੂੰ ਪੰਜਾਬ ‘ਚ ਦਿਨ ਦੇ ਤਾਪਮਾਨ ‘ਚ 1.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਪਰ ਅਜੇ ਵੀ ਇਹ ਆਮ ਨਾਲੋਂ 6.7 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ। ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 17.8 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਪਾਰਾ 13.5 ਡਿਗਰੀ, ਲੁਧਿਆਣਾ ‘ਚ 12.2 ਡਿਗਰੀ, ਪਟਿਆਲਾ ‘ਚ 12.2 ਡਿਗਰੀ, ਬਠਿੰਡਾ ‘ਚ 13.4 ਡਿਗਰੀ, ਫਰੀਦਕੋਟ ‘ਚ 10.4 ਡਿਗਰੀ, ਗੁਰਦਾਸਪੁਰ ‘ਚ 15.0 ਡਿਗਰੀ ਅਤੇ ਗੁਰਦਾਸਪੁਰ ‘ਚ 15.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।