Victoria- ਬ੍ਰਿਟਿਸ਼ ਕੋਲੰਬੀਆ 2025 ਦੀ ਪਤਝੜ ਤੋਂ ਗ੍ਰੇਡ 10 ਦੇ ਵਿਦਿਆਰਥੀਆਂ ਲਈ ਹੋਲੋਕਾਸਟ ਸਿੱਖਿਆ ਨੂੰ ਲਾਜ਼ਮੀ ਬਣਾ ਦੇਵੇਗਾ। ਪ੍ਰੀਮੀਅਰ ਡੇਵਿਡ ਏਬੀ ਬੀ. ਸੀ. ’ਚ ਯਹੂਦੀ ਵਿਰੋਧੀ ਘਟਨਾਵਾਂ ’ਚ ਵਾਧੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਕਦਮ ਯਹੂਦੀ ਭਾਈਚਾਰੇ ਲਈ ਬੇਹੱਦ ਡਰਾਉਣ ਵਾਲੇ ਸਮੇਂ ’ਚ ਚੁੱਕਿਆ ਗਿਆ ਹੈ।
ਈਬੀ ਦਾ ਕਹਿਣਾ ਹੈ ਕਿ ਹਾਲ ਹੀ ’ਚ ਇਜ਼ਰਾਈਲ ’ਚ ਹਮਾਸ ਦੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਨੇ ਯਹੂਦੀਆਂ ’ਤੇ ਹੋ ਰਹੇ ਅੱਤਿਆਚਾਰ ਦੇ ਇਤਿਹਾਸ ਨੂੰ ਉਜਾਗਰ ਕੀਤਾ ਹੈ ਅਤੇ ਹੋਲੋਕਾਸਟ ਬਾਰੇ ਸਿੱਖਣ ਨਾਲ ਨਫ਼ਰਤ ਦੀਆਂ ਹੋਰ ਕਾਰਵਾਈਆਂ ਨੂੰ ਰੋਕਣ ’ਚ ਮਦਦ ਮਿਲੇਗੀ।
ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਉਹ ਗ੍ਰੇਡ 10 ਦੇ ਸਮਾਜਿਕ ਅਧਿਐਨ ਪਾਠਕ੍ਰਮ ਦਾ ਵਿਸਤਾਰ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਅਤੇ ਦੁਨੀਆ ਭਰ ’ਚ ਪੱਖਪਾਤੀ ਨੀਤੀਆਂ ਅਤੇ ਬੇਇਨਸਾਫ਼ੀ ਬਾਰੇ ਸਿੱਖਣ ਵੇਲੇ, ਬੀ.ਸੀ. ਦੇ ਵਿਦਿਆਰਥੀ ਹੋਲੋਕਾਸਟ ਬਾਰੇ ਵੀ ਸਿੱਖਣ।
ਹੋਲੋਕਾਸਟ ਉਸ ਸਮੇਂ ਦਾ ਹਵਾਲਾ ਦਿੰਦਾ ਹੈ ਜਦੋਂ, ਦੂਜੇ ਵਿਸ਼ਵ ਯੁੱਧ ਦੌਰਾਨ, ਜਰਮਨ ਨਾਜ਼ੀ ਸ਼ਾਸਨ ਨੇ ਪੂਰੇ ਯੂਰਪ ’ਚ ਲਗਭਗ 60 ਲੱਖ ਯਹੂਦੀ ਲੋਕਾਂ ਨੂੰ ਸਤਾਇਆ ਅਤੇ ਉਨ੍ਹਾਂ ਦਾ ਕਤਲ ਕੀਤਾ। ਇਸ ਦੌਰਾਨ ਨਾਜ਼ੀ ਸ਼ਾਸਨ ਵਲੋਂ ਯਹੂਦੀਆਂ ਨੂੰ ਘੇਰ ਲਿਆ ਗਿਆ ਅਤੇ ਉਨ੍ਹਾਂ ਜ਼ਹਿਰੀਲੀ ਗੈਸ ਨਾਲ ਮਾਰਨ ਜਾਂ ਜਬਰੀ ਮਜ਼ਦੂਰੀ ਕਰਨ ਲਈ ਤਸ਼ੱਦਦ ਜਾਂ ਬਰਬਾਦੀ ਕੈਂਪਾਂ ’ਚ ਭੇਜਿਆ ਗਿਆ। ਕੁਝ ਕੈਂਪ, ਨਾਜ਼ੀਆਂ ਦੁਆਰਾ ਸਤਾਏ ਗਏ ਹੋਰ ਸਮੂਹਾਂ ਜਿਵੇਂ ਕਿ ਰੋਮਾ, ਸਮਲਿੰਗੀ ਅਤੇ ਰਾਜਨੀਤਿਕ ਵਿਰੋਧੀਆਂ ਲਈ ਵੀ ਵਰਤੇ ਗਏ ਸਨ।
2019 ਦੇ ਇੱਕ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਕਿ ਸੀ ਕਿ ਪੰਜਾਂ ’ਚੋਂ ਇੱਕ ਕੈਨੇਡੀਅਨ ਨੌਜਵਾਨ ਇਸ ਗੱਲ ਤੋਂ ਅਣਜਾਣ ਸੀ ਕਿ ਹੋਲੋਕਾਸਟ ਦੌਰਾਨ ਕੀ ਹੋਇਆ ਸੀ। ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਵਿਦਿਆਰਥੀਆਂ ਲਈ ਹੋਲੋਕਾਸਟ ਬਾਰੇ ਸਿੱਖਣ ਦੀ ਬਜਾਏ ਇਸ ਵਿਸ਼ੇ ਨੂੰ ਸਮਝਣਾ ਜ਼ਰੂਰੀ ਹੈ।
ਇਸ ਮਹੱਤਵਪੂਰਨ ਐਲਾਨ ਤੋਂ ਪਹਿਲਾਂ ਗੱਲਬਾਤ ਕਰਦਿਆਂ ਪ੍ਰੀਮੀਅਰ ਈਬੀ ਨੇ ਕਿਹਾ ਕਿ ਇਸ ਕਿਸਮ ਦੀ ਨਫ਼ਰਤ ਦਾ ਮੁਕਾਬਲਾ ਕਰਨਾ ਸਾਡੇ ਇਤਿਹਾਸ ਦੇ ਸਭ ਤੋਂ ਹਨੇਰੇ ਹਿੱਸਿਆਂ ਤੋਂ ਸਿੱਖਣ ਨਾਲ ਸ਼ੁਰੂ ਹੁੰਦਾ ਹੈ, ਇਸ ਲਈ ਉਹੀ ਭਿਆਨਕਤਾ ਕਦੇ ਨਹੀਂ ਦੁਹਰਾਈ ਜਾਂਦੀ ਹੈ। ਉਨ੍ਹਾਂ ਅੱਗੇ ਆਖਿਆ ਕਿ ਇਸੇ ਕਰਕੇ ਅਸੀਂ ਯਹੂਦੀ ਭਾਈਚਾਰੇ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੋਲੋਕਾਸਟ ਬਾਰੇ ਸਿੱਖਣਾ ਸਾਰੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਲੋੜ ਬਣ ਜਾਵੇ।
ਈਬੀ ਨੇ ਇਹ ਘੋਸ਼ਣਾ ਯਹੂਦੀ ਭਾਈਚਾਰੇ ਦੇ ਨੇਤਾਵਾਂ ਦੇ ਨਾਲ ਕੀਤੀ, ਜਿਸ ’ਚ ਹੋਲੋਕਾਸਟ ਬਚੇ ਹੋਏ ਲੋਕ ਵੀ ਸ਼ਾਮਲ ਸਨ।