ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਮੁੱਖ ਤਖ਼ਤ ਸਾਹਿਬਾਨਾਂ ਨੂੰ ਚਲਾਈਆਂ ਜਾਣ ਬੱਸਾਂ : ਇੰਜੀਨੀਅਰ ਸਵਰਨ ਸਿੰਘ

ਸੁਲਤਾਨਪੁਰ ਲੋਧੀ- (ਜਸਬੀਰ ਵਾਟਾਂਵਾਲੀ) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਪੰਜ ਤਖ਼ਤ ਸਾਹਿਬਾਨਾਂ ਨੂੰ ਬੱਸ ਸਰਵਿਸ ਸ਼ੁਰੂ ਕਰਨ ਦੀ ਮੰਗ ਸੰਗਤ ਹਮੇਸ਼ਾਂ ਤੋਂ ਕਰਦੀ ਆ ਰਹੀ ਹੈ ਪਰ ਸੰਗਤ ਦੀ ਇਸ ਮੰਗ ਨੂੰ ਅੱਜ ਤੱਕ ਬੂਰ ਨਹੀਂ ਪੈ ਸਕਿਆ। ਹੁਣ ਸੰਗਤ ਦੀ ਇਸ ਮੰਗ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪੀ. ਏ. ਸੀ. ਇੰਜੀਨੀਅਰ ਸਵਰਨ ਸਿੰਘ ਨੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਉਹ ਪਵਿੱਤਰ ਧਰੋਹਰ ਹੈ ਜਿੱਥੋਂ ਪੰਜਾਬ ਦਾ ਸਮੁੱਚਾ ਫ਼ਲਸਫ਼ਾ ਉਪਜਿਆ ਹੈ। ਇਸ ਧਾਰਮਿਕ ਧਰੋਹਰ ਨੂੰ ਪੰਜ ਤਖ਼ਤ ਸਾਹਿਬਾਨਾਂ ਨਾਲ ਜੋੜਿਆ ਜਾਣਾ ਬਹੁਤ ਲਾਜ਼ਮੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸੁਲਤਾਨਪੁਰ ਲੋਧੀ ਤੋਂ ਉਪਜੇ ਸਰਬ ਸਾਂਝੇ ਫਲਸਫੇ ਨਾਲ ਸਮੁੱਚੀ ਦੁਨੀਆਂ ਦੀ ਸਾਂਝ ਪੈ ਸਕੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਲੋਕਲ ਟੂਰਿਜ਼ਮ ਨੂੰ ਵੀ ਉਤਸ਼ਾਹ ਮਿਲੇਗਾ ਅਤੇ ਹਲਕਾ ਸੁਲਤਾਨਪੁਰ ਲੋਧੀ ਆਰਥਿਕ ਤੌਰ ਤੇ ਖੁਸ਼ਹਾਲ ਹੋਵੇਗਾ।
ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੁਲਤਾਨਪੁਰ ਲੋਧੀ ਤੋਂ ਕਰੀਬ 75 ਕਿਲੋਮੀਟਰ ਦੂਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਵੀ ਇਸ ਵੇਲੇ ਕੋਈ ਬੱਸ ਸਰਵਿਸ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪਾਬੰਦੀਆਂ ਦੇ ਹਟਣ ਤੋਂ ਬਾਅਦ ਵੀ ਅੱਜ ਦੀ ਤਰੀਕ ਤਕ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਸਾਹਿਬ ਲਈ ਕੋਈ ਬੱਸ ਸਰਵਿਸ ਸ਼ੁਰੂ ਨਹੀਂ ਕੀਤੀ ਜਾ ਸਕੀ ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਇਸ ਮੰਗ ਨੂੰ ਉੱਚ ਅਧਿਕਾਰੀਆਂ ਕੋਲ ਲੈ ਕੇ ਜਾਵਾਂਗੇ ਅਤੇ ਸੁਲਤਾਨਪੁਰ ਲੋਧੀ ਨੂੰ ਬੱਸ ਸਰਵਿਸ ਰਾਹੀਂ ਪੰਜ ਤਖ਼ਤਾਂ ਨਾਲ ਜੋੜਨ ਦਾ ਯਤਨ ਕਰਾਂਗੇ।

ਅੰਮ੍ਰਿਤਸਰ ਸਾਹਿਬ ਲਈ ਜਲਦ ਸ਼ੁਰੂ ਹੋ ਜਾਵੇਗੀ ਬੱਸ ਸਰਵਿਸ: ਅੱਡਾ ਇੰਚਾਰਜ ਹਰਪ੍ਰੀਤ ਸਿੰਘ

ਇਸ ਮੰਗ ਅਤੇ ਸਮੁੱਚੇ ਮਾਮਲੇ ਸਬੰਧੀ ਜਦੋਂ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਅੱਡਾ ਇੰਚਾਰਜ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਸੁਲਤਾਨਪੁਰ ਲੋਧੀ ਤੋਂ ਪੰਜ ਤਖ਼ਤ ਸਾਹਿਬਾਨਾਂ ਲਈ ਕੋਈ ਵੀ ਬੱਸ ਸਰਵਿਸ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਬੱਸ ਸਰਵਿਸਿਜ਼ ਅੰਮ੍ਰਿਤਸਰ ਸਾਹਿਬ ਲਈ ਪਹਿਲਾਂ ਚੱਲਦੀ ਸੀ ਕੋਰੋਨਾ ਵਾਇਰਸ ਕਾਰਨ ਹੁਣ ਉਹ ਵੀ ਬੰਦ ਪਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਨਵੀਂਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਪੰਜਾਹ ਫ਼ੀਸਦੀ ਸਵਾਰੀਆਂ ਦੇ ਹਿਸਾਬ ਨਾਲ ਬੱਸ ਸਰਵਿਸ ਚਾਲੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਅੰਮ੍ਰਿਤਸਰ ਸਾਹਿਬ ਲਈ ਬੱਸ ਸਰਵਿਸ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਸੀਂ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਬੇਨਤੀ ਕੀਤੀ ਸੀ ਕਿ ਸੁਲਤਾਨਪੁਰ ਲੋਧੀ ਤੋਂ ਪਾਉਂਟਾ ਸਾਹਿਬ ਨੂੰ ਰੂਟ ਸ਼ੁਰੂ ਕਰਵਾਇਆ ਜਾਵੇ ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਵੀ ਜਲਦ ਹੀ ਮਨਜ਼ੂਰੀ ਮਿਲਣ ਦੀ ਆਸ ਹੈ।