Hurricane Hilary ਕਾਰਨ ਅਮਰੀਕਾ ਦੇ ਦੱਖਣ-ਪੱਛਮ ’ਚ ਵਧਿਆ ਭਾਰੀ ਮੀਂਹ ਅਤੇ ਹੜ੍ਹ ਦਾ ਖ਼ਤਰਾ

Washington- ਕੌਮੀ ਤੂਫ਼ਾਨ ਕੇਂਦਰ (NHC) ਮੁਤਾਬਕ, ਤੂਫ਼ਾਨ ਹਿਲੇਰੀ ਮੈਕਸੀਕੋ ਦੇ ਦੱਖਣ-ਪੱਛਮ ’ਚ ਪ੍ਰਸ਼ਾਂਤ ਮਹਾਂਸਾਗਰ ’ਚ ਹੋਰ ਤੇਜ਼ ਹੋ ਰਿਹਾ ਹੈ ਅਤੇ ਇਸ ਨਾਲ ਅਮਰੀਕਾ ਦੇ ਦੱਖਣੀ-ਪੱਛਮੀ ਹਿੱਸਿਆਂ ’ਚ ਸੰਭਾਵਿਤ ਰੂਪ ਨਾਲ ਭਾਰੀ ਮੀਂਹ ਅਤੇ ਹੜ੍ਹ ਦੀ ਸੰਭਾਵਨਾ ਹੈ। ਅਮਰੀਕੀ ਸਰਕਾਰੀ ਏਜੰਸੀ ਨੇ ਦੱਸਿਆ ਕਿ ਸ਼੍ਰੇਣੀ 4 ਦਾ ਤੂਫ਼ਾਨ ਹਿਲੇਰੀ ਸ਼ੁੱਕਰਵਾਰ ਨੂੰ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਪ੍ਰਾਇਦੀਪ ਵੱਲ ਵਧਿਆ। ਕੌਮੀ ਤੂਫ਼ਾਨ ਕੇਂਦਰ ਨੂੰ ਉਮੀਦ ਹੈ ਕਿ ਸ਼ਕੀਤਸ਼ਾਲੀ ਤੂਫ਼ਾਨ ਸ਼ੁੱਕਰਵਾਰ ਦੇਰ ਰਾਤ ਤੱਕ ਮੈਕਸੀਕੋ ਦੇ ਪ੍ਰਸਿੱਧ ਕਾਬੋ ਸਾਨ ਲੁਕਾਸ ਰਿਜ਼ੋਰਟ ਸ਼ਹਿਰ ਦੇ ਨੇੜੇ ਪਹੁੰਚ ਜਾਵੇਗਾ। ਹਾਲਾਂਕਿ ਇਸ ਹਫ਼ਤੇ ਦੇ ਅੰਤ ’ਚ ਅਮਰੀਕੀ ਪੱਛਮੀ ਤੱਟ ਨਾਲ ਟਕਰਾਉਣ ਤੋਂ ਪਹਿਲਾਂ ਇਸ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਸੀ ਪਰ ਅਜਿਹਾ ਨਹੀਂ ਹੋਇਆ।
ਮਿਆਮੀ ਸਥਿਤ ਏਜੰਸੀ ਨੇ ਆਪਣੀ ਤਾਜ਼ਾ ਸਲਾਹ ’ਚ ਕਿਹਾ ਕਿ ਅਗਲੇ ਹਫ਼ਤੇ ਦੀ ਸ਼ੁਰੂਆਤ ’ਚ ਬਾਜਾ ਕੈਲੀਫੋਰਨੀਆ ਅਤੇ ਦੱਖਣੀ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ ’ਚ ਜਾਨਲੇਵਾ ਅਤੇ ਤਬਾਹਕਾਰੀ ਹੜ੍ਹ ਆਉਣ ਦੀ ਸੰਭਾਵਨਾ ਹੈ। ਐਨ. ਐਚ ਸੀ. ਦੇ ਉਪ ਨਿਰਦੇਸ਼ਕ ਜੇਮੀ ਰੋਮ ਨੇ ਸੈਨ ਡਿਆਗੋ ਤੋਂ ਲਾਂਸ ਏਂਜਲਸ ਤੇ ਲਾਸ ਵੇਗਾਸ ਤੱਕ ਹੜ੍ਹਾਂ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਮ ਸਪਰਿੰਗਜ਼ ਖੇਤਰ ਦੇ ਨੇੜੇ ਤਾਂ ਖ਼ਤਰਾ ਕਾਫ਼ੀ ਵਧੇਰੇ ਹੈ।
ਦੱਸ ਦਈਏ ਕਿ ਰਿਕਾਰਡ ਤੋੜ ਗਰਮੀ ਦੀ ਲਹਿਰ ਮਗਰੋਂ ਕੈਲੀਫੋਰਨੀਆ, ਨੇਵਾਦਾ ਅਤੇ ਅਰੀਜ਼ੋਨਾ ’ਚ ਹਿਲੇਰੀ ਤੂਫ਼ਾਨ ਕਾਰਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੌਮੀ ਮੌਸਮ ਸੇਵਾ ਮੁਤਾਬਕ ਸਥਿਰ ਹਵਾਵਾਂ ਦੇ ਹੀਟ ਡੋਮ ਹੇਠਾਂ ਫਸੇ ਅਰੀਜ਼ੋਨਾ ਦੇ ਫੀਨਿਕਸ ਸ਼ਹਿਰ ਨੇ ਪੂਰੇ ਜੁਲਾਈ ਮਹੀਨੇ ਦੌਰਾਨ 43 ਡਿਗਰੀ ਤੋਂ ਵੱਧ ਤਾਪਮਾਨ ਦਾ ਸਾਹਮਣਾ ਕੀਤਾ ਸੀ। ਕੈਲੀਫੋਰਨੀਆ ਦੇ ਡੈੱਥ ਵੈਲੀ ਰੇਗਿਸਤਾਨ ’ਚ ਜੁਲਾਈ ਦੇ ਮੱਧ ’ਚ ਤਾਪਮਾਨ 53 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਹੜਾ ਕਿ ਪਿਛਲੇ 90 ਸਾਲਾਂ ’ਚ ਧਰਤੀ ’ਤੇ ਦਰਜ ਕੀਤੇ ਗਏ ਸਭ ਤੋਂ ਵੱਧ ਤਾਪਮਾਨਾਂ ’ਚੋਂ ਇੱਕ ਹੈ।