PAU ਦੀ ਵਿਦਿਆਰਥਣ ਗੋਲਡ ਮੈਡਲ ਨਾਲ ਸਨਮਾਨਿਤ

ਲੁਧਿਆਣਾ : ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਮਹਿਕਪ੍ਰੀਤ ਕੌਰ ਰੰਧਾਵਾ ਨੇ ਯੂਨੀਵਰਸਿਟੀ ਲਈ ਮਾਣ ਦੇ ਪਲ ਹਾਸਲ ਕੀਤੇ। ਕੁਮਾਰੀ ਮਹਿਕਪ੍ਰੀਤ ਕੌਰ ਨੇ ਮਾਸਟਰ ਰਿਸਰਚ ਲਈ ਨਾਰਥ ਜ਼ੋਨ ਦਾ ਵੱਕਾਰੀ ਜ਼ੋਨਲ ਐਵਾਰਡ ਜਿੱਤਿਆ।

ਇਹ ਐਵਾਰਡ ਕੁਮਾਰ ਮਹਿਕਪ੍ਰੀਤ ਕੌਰ ਨੂੰ ਗੋਲਡ ਮੈਡਲ ਅਤੇ ਪ੍ਰਸ਼ੰਸ਼ਾਂ ਪੱਤਰ ਦੇ ਰੂਪ ਵਿਚ ਪੱਛਮੀ ਬੰਗਾਲ ਵਿਚ ਵਿਰਸਾ ਭਾਰਤੀ ਕੇਂਦਰੀ ਯੂਨੀਵਰਸਿਟੀ ਦੇ ਖੇਤੀ ਸੰਸਥਾਨ ਵੱਲੋਂ ਕਰਵਾਈ 85ਵੀਂ ਸਾਲਾਨਾ ਕਾਨਵੋਕੇਸ਼ਨ ਦੌਰਾਨ ਭੂਮੀ ਵਿਗਿਆਨ ਦੀ ਭਾਰਤੀ ਸੁਸਾਇਟੀ ਨੇ ਪ੍ਰਦਾਨ ਕੀਤਾ।

ਆਪਣੀ ਐੱਮ ਐੱਸ ਸੀ ਦੌਰਾਨ ਕੁਮਾਰੀ ਮਹਿਕਪ੍ਰੀਤ ਕੌਰ ਨੇ ‘ਕਣਕ-ਝੋਨਾ ਫਸਲੀ ਚੱਕਰ ਦੌਰਾਨ ਜੈਵਿਕ ਅਤੇ ਰਸਾਇਣਕ ਖਾਦਾਂ ਰਾਹੀਂ ਲਘੂ ਤੱਤਾਂ ਦੇ ਰੁਪਾਂਤਰਣ’ ਵਿਸ਼ੇ ਤੇ ਕੰਮ ਕੀਤਾ। ਇਸ ਦੌਰਾਨ ਉਸਦੇ ਨਿਗਰਾਨ ਡਾ. ਐੱਸ ਐੱਸ ਧਾਲੀਵਾਲ ਸਨ।

ਕੁਮਾਰੀ ਮਹਿਕਪ੍ਰੀਤ ਕੌਰ ਅੰਤਰਰਾਸ਼ਟਰੀ ਪੱਧਰ ਦੀਆਂ ਪੱਤਰਕਾਵਾਂ ਵਿਚ ਤਿੰਨ ਪ੍ਰਕਾਸ਼ਨਾਵਾਂ ਨਾਲ ਵਿਭਾਗ ਦੀ ਹੋਣਹਾਰ ਵਿਦਿਆਰਥਣ ਵਜੋਂ ਸਾਹਮਣੇ ਆਈ। ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਆਈ ਏ ਐੱਸ, ਵਿੱਤ ਕਮਿਸ਼ਨਰ (ਖੇਤੀ ਅਤੇ ਕਿਸਾਨ ਭਲਾਈ), ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਕੁਮਾਰੀ ਮਹਿਕਪ੍ਰੀਤ ਕੌਰ ਅਤੇ ਉਹਨਾਂ ਦੇ ਨਿਗਰਾਨ ਡਾ. ਐੱਸ ਐੱਸ ਧਾਲੀਵਾਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

ਟੀਵੀ ਪੰਜਾਬ ਬਿਊਰੋ