ਦੁਸ਼ਹਿਰੇ ਮੌਕੇ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਸਾੜੇ ਜਾਣਗੇ

ਨਵੀਂ ਦਿੱਲੀ : ਲਖੀਮਪੁਰ ਖੇੜੀ ਹਿੰਸਾ ਮਾਮਲੇ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀ ਰਣਨੀਤੀ ਬਾਰੇ ਕਿਸਾਨ ਆਗੂਆਂ ਨੇ ਸ਼ਨੀਵਾਰ ਨੂੰ ਇਕ ਪ੍ਰੈਸ ਕਾਨਫਰੰਸ ਕੀਤੀ। ਸੰਯੁਕਤ ਕਿਸਾਨ ਮੋਰਚਾ ਨੇ 26 ਅਕਤੂਬਰ ਨੂੰ ਲਖਨਊ ਵਿਚ ਮਹਾਪੰਚਾਇਤ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ 18 ਅਕਤੂਬਰ ਨੂੰ ਦੇਸ਼ ਭਰ ਵਿਚ ਰੇਲ ਗੱਡੀਆਂ ਰੋਕਣ ਦਾ ਵੀ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ 15 ਅਕਤੂਬਰ ਨੂੰ ਦੁਸ਼ਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜੇ ਜਾਣਗੇ।

ਯਾਦਵ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸਾਨਾਂ ਦੀ ਸ਼ਹਾਦਤ ਲਈ ਰਾਤ 8 ਵਜੇ ਆਪਣੇ ਘਰਾਂ ਦੇ ਬਾਹਰ 5 ਮੋਮਬੱਤੀਆਂ ਜਗਾਉਣ। ਇਸ ਤੋਂ ਇਲਾਵਾ 12 ਅਕਤੂਬਰ ਨੂੰ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਤਿਕੋਨੀਆ ਤੋਂ ਪੂਰੇ ਦੇਸ਼ ਲਈ ਰਵਾਨਾ ਹੋਣਗੀਆਂ।

ਇਹ ਯਾਤਰਾ 24 ਅਕਤੂਬਰ ਤੱਕ ਸਮਾਪਤ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ 18 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ 26 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇਤਿਹਾਸਕ ਮਹਾਪੰਚਾਇਤ ਹੋਵੇਗੀ।

ਸੰਯੁਕਤ ਕਿਸਾਨ ਮੋਰਚਾ ਨੇ ਮੰਗ ਕੀਤੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਉਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਜਾਵੇ।

ਟੀਵੀ ਪੰਜਾਬ ਬਿਊਰੋ