ਓਨਟਾਰੀਓ ਦੇ ਬੈਰੀ ਵਿਖੇ ਕਾਰ ’ਚ ਹੋਇਆ ਜ਼ਬਰਦਸਤ ਧਮਾਕਾ

Toronto- ਓਨਟਾਰੀਓ ਦੇ ਬੈਰੀ ਇਲਾਕੇ ’ਚ ਬੁੱਧਵਾਰ ਤੜਕੇ ਇੱਕ ਪਾਰਕਿੰਗ ’ਚ ਧਮਾਕਾ ਹੋਣ ਕਾਰਨ ਆਲੇ-ਦੁਆਲੇ ਦੇ ਲੋਕਾਂ ’ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਬੈਰੀ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਧਮਾਕਾ ਇੱਕ ਕਾਰ ’ਚ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਦੇ ਇੱਕ ਗਾਰਡਨ ’ਚ ਇੱਕ ਆਈ. ਈ. ਡੀ. ਵੀ ਮਿਲਿਆ ਹੈ।
ਪੁਲਿਸ ਮੁਤਾਬਕ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਧਮਾਕੇ ਅਤੇ ਆਈ. ਈ. ਡੀ. ਮਿਲਣ ਮਗਰੋਂ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਇੱਕ ਨਜ਼ਦੀਕੀ ਅਪਾਰਟਮੈਂਟ ਨੂੰ ਖ਼ਾਲੀ ਕਰਾ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਕਾਰ ਅਤੇ ਆਈ. ਈ. ਡੀ. ਐਨੀ ਸਟਰੀਟ ’ਤੇ, ਐਜਹਿੱਲ ਡਰਾਈਵ ਦੇ ਨੇੜੇ ਅਤੇ ਹਾਈਵੇਅ 400 ਦੇ ਉੱਤਰ-ਪੱਛਮ ’ਚ ਮਿਲੇ ਸਨ। ਬੈਰੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਤੜਕੇ ਕਰੀਬ 3 ਵਜੇ ਧਮਾਕੇ ਦੇ ਬਾਰੇ ’ਚ ਜਾਣਕਾਰੀ ਮਿਲੀ ਸੀ। ਪੁਲਿਸ ਦਾ ਮੰਨਣਾ ਹੈ ਕਿ ਕਾਰ ਦੀ ਗੈਸ ਟੈਂਕੀ ਦੇ ਕੋਲ ਇੱਕ ਵਿਸਫੋਟਕ ਯੰਤਰ ਰੱਖਿਆ ਗਿਆ ਸੀ, ਜਿਸ ’ਚ ਧਮਾਕਾ ਹੋਇਆ ਅਤੇ ਦੂਜਾ ਯੰਤਰ ਪਹਿਲੇ ਨਾਲ ਜੁੜਿਆ ਹੋ ਸਕਦਾ ਹੈ।
ਬੁੱਧਵਾਰ ਨੂੰ ਇੱਕ ਨਿਊਜ਼ ਰੀਲੀਜ਼ ’ਚ, ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਕਾਰ ’ਚ ਧਮਾਕਾ ਅਤੇ ਆਈ. ਈ. ਡੀ. ਮਿਲਣ ਮਗਰੋਂ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ’ਚ ਸੂਚਿਤ ਕੀਤਾ।
ਬੈਰੀ ਪੁਲਿਸ ਵਿਸਫੋਟਕ ਨਿਪਟਾਰੇ ਯੂਨਿਟ ਦੇ ਮੈਂਬਰਾਂ ਨੇ ਸਵੇਰੇ 8:30 ਵਜੇ ਦੇ ਕਰੀਬ ਇੱਕ ਨਿਯੰਤਰਿਤ ਧਮਾਕੇ ’ਚ ਆਈ. ਈ. ਡੀ. ਨੂੰ ਦੂਰ ਤੋਂ ਉਡਾ ਦਿੱਤਾ। ਬੈਰੀ ਪੁਲਿਸ ਸੇਵਾ ਲਈ ਕਾਰਪੋਰੇਟ ਸੰਚਾਰ ਕੋਆਰਡੀਨੇਟਰ ਪੀਟਰ ਲਿਓਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਤੇ ਸ਼ੁਰੂਆਤੀ ਪੜਾਅ ’ਚ ਹੈ ਅਤੇ ਇਸ ਬਾਰੇ ’ਚ ਉਨ੍ਹਾਂ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬੁੱਧਵਾਰ ਸ਼ਾਮ ਤੱਕ ਪੁਲਿਸ ਨੇ ਇਲਾਕੇ ਦੀਆਂ ਸੜਕਾਂ ਨੂੰ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਸੀ।