ਹਰਮਨਪ੍ਰੀਤ ਕੌਰ ਦੀ ਸੁਪਰਨੋਵਾ ਟੀਮ ਨੇ ਸੋਮਵਾਰ ਨੂੰ ਖੇਡੇ ਗਏ ਪਹਿਲੇ ਮਹਿਲਾ ਟੀ-20 ਚੈਲੇਂਜ ਮੈਚ ਵਿੱਚ ਸਮ੍ਰਿਤੀ ਮੰਧਾਨਾ ਦੀ ਟ੍ਰੇਲਬਲੇਜ਼ਰਜ਼ ਨੂੰ 49 ਦੌੜਾਂ ਨਾਲ ਹਰਾਇਆ। ਸੁਪਰਨੋਵਾਸ ਵੱਲੋਂ ਦਿੱਤੇ 164 ਦੌੜਾਂ ਦਾ ਪਿੱਛਾ ਕਰਨ ਉਤਰੀ ਟ੍ਰੇਲਬਲੇਜ਼ਰਜ਼ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 114 ਦੌੜਾਂ ਹੀ ਬਣਾ ਸਕੀ। ਹਰਮਨਪ੍ਰੀਤ ਦੀ ਟੀਮ ਲਈ ਪੂਜਾ ਵਸਤਰਕਾਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ ‘ਚ ਸਿਰਫ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਮੈਦਾਨ ‘ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੌਰ ਦੀ ਟੀਮ ਨੇ ਆਲ ਆਊਟ ਹੋਣ ਤੋਂ ਪਹਿਲਾਂ 20 ਓਵਰਾਂ ‘ਚ 163 ਦੌੜਾਂ ਬਣਾਈਆਂ।
ਸੁਪਰਨੋਵਾਸ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ ਸਭ ਤੋਂ ਵੱਧ 37 (29) ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਹਰਲੀਨ ਦਿਓਲ ਨੇ 35 ਅਤੇ ਡਿਆਂਡਰਾ ਡੌਟਿਨ ਨੇ 32 ਦੌੜਾਂ ਬਣਾਈਆਂ।
164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟ੍ਰੇਲਬਲੇਜ਼ਰਜ਼ ਟੀਮ ਨੂੰ ਕਪਤਾਨ ਮੰਧਾਨਾ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਉਸ ਨੇ ਹੇਲੀ ਮੈਥਿਊਜ਼ ਨਾਲ 39 ਦੌੜਾਂ ਦੀ ਸਾਂਝੇਦਾਰੀ ਕੀਤੀ।
ਪੰਜਵੇਂ ਓਵਰ ‘ਚ ਮੈਥਿਊਜ਼ (18) ਨੂੰ ਪੂਜਾ ਵਸਤਰਾਕਰ ਦੇ ਹੱਥੋਂ ਆਊਟ ਕਰਨ ਤੋਂ ਬਾਅਦ ਮੰਧਾਨਾ ਵੀ 23 ਗੇਂਦਾਂ ‘ਤੇ 34 ਦੌੜਾਂ ਬਣਾ ਕੇ ਅੱਠਵੇਂ ਓਵਰ ‘ਚ ਵਸਤਰਾਕਰ ਦਾ ਸ਼ਿਕਾਰ ਬਣ ਗਈ।
ਕਪਤਾਨ ਦੇ ਆਊਟ ਹੋਣ ਤੋਂ ਬਾਅਦ ਜੇਮਿਮਾ ਰੌਡਰਿਗਜ਼ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ।
14ਵੇਂ ਓਵਰ ਵਿੱਚ ਰੌਡਰਿਗਜ਼ 24 (21) ਦੌੜਾਂ ਬਣਾ ਕੇ ਮੇਘਨਾ ਸਿੰਘ ਨੂੰ ਕੈਚ ਦੇ ਬੈਠਾ। ਜਿਸ ਤੋਂ ਬਾਅਦ ਪੂਰੀ ਟੀਮ 20 ਓਵਰਾਂ ‘ਚ 114/9 ‘ਤੇ ਸਿਮਟ ਗਈ।