‘ਵਿਰਾਟ’ ਰਿਕਾਰਡ ਵੱਲ ਕੋਹਲੀ, ਸਚਿਨ ਤੇਂਦੁਲਕਰ ਦੀ ਕੀਤੀ ਬਰਾਬਰੀ

ਡੈਸਕ- ਵਿਰਾਟ ਕੋਹਲੀ ਨੇ ਆਪਣੇ 35ਵੇਂ ਜਨਮਦਿਨ ‘ਤੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ 49ਵਾਂ ਸੈਂਕੜਾ ਲਗਾਇਆ। ਵਿਰਾਟ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ 37ਵੇਂ ਮੈਚ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਸਚਿਨ ਤੇਂਦੁਲਕਰ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਉਹ ਆਪਣੇ ਜਨਮ ਦਿਨ ‘ਤੇ ਵਿਸ਼ਵ ਕੱਪ ‘ਚ ਸੈਂਕੜਾ ਲਗਾਉਣ ਵਾਲੇ ਭਾਰਤ ਦੇ ਤੀਸਰੇ ਅਤੇ ਦੁਨੀਆ ਦੇ 7ਵੇਂ ਬੱਲੇਬਾਜ਼ ਬਣ ਗਏ ਹਨ।

ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਵਿਰਾਟ ਵਨਡੇ ‘ਚ ਸਭ ਤੋਂ ਘੱਟ ਪਾਰੀਆਂ ‘ਚ 49 ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਇਹ ਉਪਲਬਧੀ ਸਿਰਫ 277 ਪਾਰੀਆਂ ‘ਚ ਹਾਸਲ ਕੀਤੀ, ਜਦਕਿ ਸਚਿਨ ਨੇ 451 ਪਾਰੀਆਂ ‘ਚ ਇਹ ਵਿਸ਼ਵ ਰਿਕਾਰਡ ਬਣਾਇਆ।

ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੁਣ ਤੱਕ ਟੀਮ ਨੇ 48 ਓਵਰਾਂ ‘ਚ 5 ਵਿਕਟਾਂ ‘ਤੇ 300 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਕ੍ਰੀਜ਼ ‘ਤੇ ਹਨ। ਸੂਰਿਆਕੁਮਾਰ 22 ਦੌੜਾਂ ਬਣਾ ਕੇ ਆਊਟ ਹੋ ਗਏ। ਕੇਐਲ ਰਾਹੁਲ 8 ਦੌੜਾਂ ਬਣਾ ਕੇ ਆਊਟ ਹੋਏ। ਸ਼੍ਰੇਅਸ ਅਈਅਰ 77 ਦੌੜਾਂ ਬਣਾ ਕੇ ਆਊਟ ਹੋਏ। ਅਈਅਰ ਨੇ ਆਪਣਾ 17ਵਾਂ ਵਨਡੇ ਅਰਧ ਸੈਂਕੜਾ ਪੂਰਾ ਕੀਤਾ।

ਸ਼੍ਰੇਅਸ ਨੇ ਇਸ ਵਿਸ਼ਵ ਕੱਪ ਵਿੱਚ ਲਗਾਤਾਰ ਅਰਧ ਸੈਂਕੜੇ ਲਗਾਏ। ਸ਼੍ਰੇਅਸ ਅਈਅਰ ਨੇ ਕੋਹਲੀ ਨਾਲ 134 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੁਭਮਨ ਗਿੱਲ 23 ਦੌੜਾਂ ਬਣਾ ਕੇ ਆਊਟ ਹੋਏ। ਕਪਤਾਨ ਰੋਹਿਤ ਸ਼ਰਮਾ 24 ਗੇਂਦਾਂ ਵਿੱਚ 40 ਦੌੜਾਂ ਬਣਾ ਕੇ ਆਊਟ ਹੋਏ।