New York- ਆਪਣੇ ਅਮਰੀਕਾ ਦੌਰੇ ਦੇ ਆਖਰੀ ਪੜਾਅ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਵਾਰ ਫਿਰ ਕੈਨੇਡੀਅਨ ਸਰਕਾਰ ਨੂੰ ਇੱਕ ਠੋਸ ਸੰਦੇਸ਼ ਦਿੱਤਾ ਕਿ ਉਸਨੂੰ ਭਾਰਤ ਦੀ ਭੂਗੋਲਿਕ ਅਖੰਡਤਾ ਦੇ ਖਿਲਾਫ ਕੰਮ ਕਰਨ ਵਾਲੇ ਕੱਟੜਪੰਥੀ ਤੱਤਾਂ ਦੇ ਖਿਲਾਫ ਕਾਰਵਾਈ ਕਰਨੀ ਪਏਗੀ।
ਇਸ ਮੁੱਦੇ ’ਤੇ ਭਾਰਤ ਨੂੰ ਸਲਾਹ ਦੇਣ ਵਾਲੇ ਦੇਸ਼ਾਂ ਵੱਲ ਇਸ਼ਾਰਾ ਕਰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਹੋਈ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ, ਕੀ ਕਿਸੇ ਹੋਰ ਦੇਸ਼ ਦੇ ਡਿਪਲੋਮੈਟਾਂ ਨਾਲ ਵੀ ਅਜਿਹਾ ਹੀ ਰਵੱਈਆ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਸਾਡੇ ਮਿਸ਼ਨ ‘ਤੇ ਬੰਬ ਸੁੱਟੇ ਗਏ। ਵਣਜ ਦੂਤਘਰ ਦੇ ਸਾਹਮਣੇ ਹਿੰਸਾ ਹੋਈ ਅਤੇ ਪੋਸਟਰ ਲਗਾਏ ਗਏ। ਕੀ ਤੁਸੀਂ ਇਸ ਨੂੰ ਆਮ ਸਮਝਦੇ ਹੋ? ਕੈਨੇਡਾ ’ਚ ਜੋ ਹੋ ਰਿਹਾ ਹੈ ਉਸਨੂੰ ਆਮ ਨਾ ਬਣਾਓ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ਕੁਝ ਸਾਲਾਂ ਤੋਂ ਸਾਡੀਆਂ ਕੈਨੇਡੀਅਨ ਸਰਕਾਰ ਨਾਲ ਸਮੱਸਿਆਵਾਂ ਚੱਲ ਰਹੀਆਂ ਹਨ। ਮੌਜੂਦਾ ਸਮੱਸਿਆ ਅਸਲ ’ਚ ਅੱਤਵਾਦ, ਕੱਟੜਵਾਦ ਅਤੇ ਹਿੰਸਾ ਦੀ ਇਜਾਜ਼ਤ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਇਹ ਇਸ ਤੱਥ ਤੋਂ ਵੀ ਝਲਕਦੀ ਹੈ ਕਿ ਕੈਨੇਡਾ ਵਲੋਂ ਕੁਝ ਮਹੱਤਵਪੂਰਨ ਹਵਾਲਗੀ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ ਗਿਆ ਹੈ। ਜੈਸ਼ੰਕਰ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਨਾਲ ਗੱਲਬਾਤ ਦੀ ਸੰਭਾਵਨਾ ਅਜੇ ਖਤਮ ਨਹੀਂ ਹੋਈ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਵਿਦੇਸ਼ ਮੰਤਰੀ ਦੀ ਅਮਰੀਕਾ ਫੇਰੀ ਦੌਰਾਨ ਕੈਨੇਡਾ ਦਾ ਮੁੱਦਾ ਭਾਰੂ ਰਿਹਾ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਦੁਵੱਲੀ ਗੱਲਬਾਤ ਦੌਰਾਨ ਕੈਨੇਡਾ ਸਰਕਾਰ ਵੱਲੋਂ ਭਾਰਤੀ ਏਜੰਸੀਆਂ ਵਿਰੁੱਧ ਲਾਏ ਗਏ ਕਤਲ ਦੇ ਦੋਸ਼ਾਂ ਦਾ ਮੁੱਦਾ ਵੀ ਉਠਾਇਆ ਗਿਆ ਸੀ। ਜੈਸ਼ੰਕਰ ਨੇ ਇਕ ਜਨਤਕ ਪ੍ਰੋਗਰਾਮ ’ਚ ਕੈਨੇਡਾ ’ਤੇ ਅੱਤਵਾਦੀਆਂ ਅਤੇ ਕੱਟੜਪੰਥੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਸੀ। ਪ੍ਰੈੱਸ ਕਾਨਫਰੰਸ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਕੈਨੇਡਾ ਸਰਕਾਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸੰਬੰਧੀ ਕੋਈ ਜਾਣਕਾਰੀ ਦਿੰਦੀ ਹੈ ਤਾਂ ਭਾਰਤ ਇਸ ’ਤੇ ਗੌਰ ਕਰੇਗਾ। ਦੋਹਾਂ ਮੁਲਕਾਂ ਦੀਆਂ ਸਰਕਾਰਾਂ ਇਸ ਘਟਨਾ (ਨਿੱਝਰ ਕਤਲ) ਬਾਰੇ ਗੱਲ ਕਰਨਗੀਆਂ ਅਤੇ ਦੇਖਣਗੀਆਂ ਕਿ ਅੱਗੇ ਕੀ ਕੀਤਾ ਜਾ ਸਕਦਾ ਹੈ।
ਕੈਨੇਡਾ ਵਿਰੁੱਧ ਜੰਮ ਕੇ ਵਰ੍ਹੇ ਜੈਸ਼ੰਕਰ, ਕਿਹਾ- ਬੋਲਣ ਦੀ ਆਜ਼ਾਦੀ ਬਾਰੇ ਦੂਜਿਆਂ ਤੋਂ ਸਿੱਖਣ ਦੀ ਲੋੜ ਨਹੀਂ
