ਨਵੀਂ ਦਿੱਲੀ: ਆਸਟ੍ਰੇਲੀਆ ਕ੍ਰਿਕਟ ਟੀਮ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਭਾਰਤ ਖਿਲਾਫ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਦਾ ਪਹਿਲਾ ਟੀ-20 ਮੈਚ 23 ਨਵੰਬਰ ਨੂੰ ਵਿਸ਼ਾਖਾਪਟਨਮ ‘ਚ ਖੇਡਿਆ ਜਾਵੇਗਾ। ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਾਰਨਰ ਨੇ ਘਰ ਪਰਤਣ ਦਾ ਫੈਸਲਾ ਕੀਤਾ ਹੈ। ਵਾਰਨਰ ਦਾ ਸੀਰੀਜ਼ ਤੋਂ ਬਾਹਰ ਹੋਣਾ ਭਾਰਤੀ ਟੀਮ ਲਈ ਚੰਗੀ ਖਬਰ ਹੈ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਵਾਰਨਰ ਇਸ ਸਮੇਂ ਸ਼ਾਨਦਾਰ ਫਾਰਮ ‘ਚ ਹਨ। ਉਸ ਨੇ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ ਸਨ।
ਡੇਵਿਡ ਵਾਰਨਰ ਦਸੰਬਰ-ਜਨਵਰੀ ‘ਚ ਪਾਕਿਸਤਾਨ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਦੀ ਤਿਆਰੀ ਲਈ ਵਤਨ ਪਰਤਣਗੇ। ਕ੍ਰਿਕਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟਰੇਲੀਆ ਨੇ ਹਾਲ ਹੀ ਵਿੱਚ ਭਾਰਤ ਨੂੰ ਹਰਾ ਕੇ ਰਿਕਾਰਡ ਛੇਵੀਂ ਵਾਰ ਵਿਸ਼ਵ ਕੱਪ ਟਰਾਫੀ ’ਤੇ ਕਬਜ਼ਾ ਕੀਤਾ ਹੈ। ਵਾਰਨਰ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਕੁੱਲ 535 ਦੌੜਾਂ ਬਣਾਈਆਂ। 37 ਸਾਲ ਦੇ ਵਾਰਨਰ ਨੇ ਵਿਸ਼ਵ ਕੱਪ ‘ਚ ਇਕ ਵੀ ਮੈਚ ਨਹੀਂ ਛੱਡਿਆ।
ਪਾਕਿਸਤਾਨ ਖਿਲਾਫ ਆਖਰੀ ਟੈਸਟ ਸੀਰੀਜ਼ ਖੇਡਣਗੇ
ਜਦੋਂ ਕ੍ਰਿਕਟ ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ ਟੀ-20 ਸੀਰੀਜ਼ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ, ਵਾਰਨਰ ਉਸ ਟੀਮ ਦਾ ਹਿੱਸਾ ਸੀ। ਪਰ ਹੁਣ ਉਸ ਨੇ ਪਾਕਿਸਤਾਨ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਲਈ ਭਾਰਤ ‘ਚ ਟੀ-20 ਸੀਰੀਜ਼ ਨਾ ਖੇਡਣ ਦਾ ਫੈਸਲਾ ਕੀਤਾ ਹੈ। ਡੇਵਿਡ ਵਾਰਨਰ ਆਖਰੀ ਵਾਰ ਟੈਸਟ ‘ਚ ਨਜ਼ਰ ਆਉਣਗੇ। ਉਹ ਪਾਕਿਸਤਾਨ ਦੇ ਖਿਲਾਫ ਸੀਰੀਜ਼ ਤੋਂ ਬਾਅਦ ਟੈਸਟ ਨੂੰ ਅਲਵਿਦਾ ਕਹਿ ਦੇਣਗੇ।ਆਸਟ੍ਰੇਲੀਆਈ ਟੀਮ ਦੀ ਅਗਵਾਈ 35 ਸਾਲਾ ਵਿਕਟਕੀਪਰ ਮੈਥਿਊ ਵੇਡ ਕਰਨਗੇ। ਭਾਰਤ ਨੇ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਲਈ ਵੀ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸੂਰਿਆਕੁਮਾਰ ਯਾਦਵ ਟੀਮ ਇੰਡੀਆ ਦੀ ਕਮਾਨ ਸੰਭਾਲਣਗੇ ਜਦਕਿ ਰਿਤੂਰਾਜ ਗਾਇਕਵਾੜ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ।