ਨਵੀਂ ਦਿੱਲੀ— ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 106 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਆਪਣੇ ਨਾਂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਜੋਹਾਨਸਬਰਗ ‘ਚ ਵੀਰਵਾਰ ਨੂੰ ਖੇਡੇ ਗਏ ਇਸ ਮੈਚ ‘ਚ ਸੂਰਿਆਕੁਮਾਰ ਯਾਦਵ ਅਤੇ ਕੁਲਦੀਪ ਯਾਦਵ ਭਾਰਤ ਲਈ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸਾਬਤ ਹੋਏ। ਸੂਰਿਆ ਨੇ ਜਿੱਥੇ ਸਿਰਫ਼ 56 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ ਟੀ-20 ਵਿੱਚ ਆਪਣਾ ਚੌਥਾ ਸੈਂਕੜਾ ਬਣਾ ਕੇ ਰੋਹਿਤ ਸ਼ਰਮਾ ਅਤੇ ਗਲੇਨ ਮੈਕਸਵੈੱਲ ਦੀ ਉਪਲਬਧੀ ਦੀ ਬਰਾਬਰੀ ਕੀਤੀ, ਉੱਥੇ ਹੀ ਕੁਲਦੀਪ ਨੇ 2.5 ਓਵਰਾਂ ਵਿੱਚ ਸਿਰਫ਼ 17 ਦੌੜਾਂ ਦੇ ਕੇ ਪੰਜ ਵਿਕਟਾਂ ਝਟਕ ਕੇ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾਇਆ। .
ਚਾਇਨਾਮੈਨ ਕੁਲਦੀਪ ਦੀ ਤਿੱਖੀ ਗੇਂਦਬਾਜ਼ੀ ਦੀ ਬਦੌਲਤ ਹੀ ਭਾਰਤ ਦੇ 201 ਦੌੜਾਂ ਦੇ ਸਕੋਰ ਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 13.5 ਓਵਰਾਂ ‘ਚ ਸਿਰਫ 95 ਦੌੜਾਂ ‘ਤੇ ਹੀ ਢੇਰ ਹੋ ਗਈ।ਖਾਸ ਗੱਲ ਇਹ ਹੈ ਕਿ 14 ਦਸੰਬਰ ਵੀਰਵਾਰ ਨੂੰ ਹੀ ਕੁਲਦੀਪ ਅੱਜ ਉਨ੍ਹਾਂ ਦਾ ਜਨਮ ਦਿਨ ਸੀ ਅਤੇ ਇਸ ਮੌਕੇ ਉਨ੍ਹਾਂ ਨੇ ਖੁਦ ਨੂੰ ‘ਪੰਜ ਵਿਕਟਾਂ’ ਦਾ ਤੋਹਫਾ ਦਿੱਤਾ।
ਭੁਵੀ ਤੋਂ ਬਾਅਦ ਟੀ-20 ‘ਚ 5 ਵਿਕਟਾਂ ਲੈਣ ਵਾਲਾ ਭਾਰਤ ਦਾ ਦੂਜਾ ਗੇਂਦਬਾਜ਼
ਇਸ ਪ੍ਰਦਰਸ਼ਨ ਨਾਲ ਰਿਸਟ ਸਪਿਨਰ ਕੁਲਦੀਪ ਟੀ-20 ਇੰਟਰਨੈਸ਼ਨਲ ‘ਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤ ਦੇ ਦੂਜੇ ਗੇਂਦਬਾਜ਼ ਬਣ ਗਏ ਹਨ।ਉਸ ਨੇ 2018 ‘ਚ ਦੱਖਣੀ ਅਫਰੀਕਾ ਅਤੇ 2022 ‘ਚ ਅਫਗਾਨਿਸਤਾਨ ਖਿਲਾਫ ਇਕ ਪਾਰੀ ‘ਚ ਪੰਜ ਵਿਕਟਾਂ ਲੈਣ ਵਾਲੇ ਭੁਵਨੇਸ਼ਵਰ ਕੁਮਾਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਕੁਲਦੀਪ ਦੀ ਗੱਲ ਕਰੀਏ ਤਾਂ ਵੀਰਵਾਰ ਦੇ ਮੈਚ ਤੋਂ ਪਹਿਲਾਂ ਉਸ ਨੇ ਸਾਲ 2018 ‘ਚ ਇੰਗਲੈਂਡ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚ ‘ਚ ਪੰਜ ਵਿਕਟਾਂ ਲਈਆਂ ਸਨ।
T20I ਵਿੱਚ ਇੱਕ ਪਾਰੀ ਵਿੱਚ ਦੋ ਵਾਰ 5 ਜਾਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼: ਜ਼ਾਕਿਰ ਤਕਵੀ (ਸਵੀਡਨ), ਆਮਿਰ ਕਲੀਮ (ਓਮਾਨ), ਧਰੁਵ ਕੁਮਾਰ ਮਾਈਸੂਰੀਆ (ਬੋਤਸਵਾਨਾ), ਇਮਰਾਨ ਤਾਹਿਰ (ਦੱਖਣੀ ਅਫਰੀਕਾ), ਅਜੰਤਾ ਮੈਂਡਿਸ (ਸ਼੍ਰੀਲੰਕਾ), ਐਸ਼ਟਨ ਅਗਰ (ਆਸਟ੍ਰੇਲੀਆ), ਦਿਨੇਸ਼ ਨਾਡਕਰਨੀ (ਯੂਗਾਂਡਾ), ਉਮਰ ਗੁਲ (ਪਾਕਿਸਤਾਨ), ਰਾਸ਼ਿਦ ਖਾਨ (ਅਫਗਾਨਿਸਤਾਨ), ਲਸਿਥ ਮਲਿੰਗਾ (ਸ਼੍ਰੀਲੰਕਾ), ਭੁਵਨੇਸ਼ਵਰ ਕੁਮਾਰ (ਭਾਰਤ), ਟਿਮ ਸਾਊਦੀ (ਨਿਊਜ਼ੀਲੈਂਡ), ਸ਼ਾਕਿਬ ਅਲ ਹਸਨ (ਬੰਗਲਾਦੇਸ਼) ਅਤੇ ਕੁਲਦੀਪ। ਯਾਦਵ (ਭਾਰਤ)।