Site icon TV Punjab | Punjabi News Channel

IND vs ZIM 5th T20: ਭਾਰਤ ਨੇ ਆਖਰੀ ਮੈਚ ਵਿੱਚ ਜ਼ਿੰਬਾਬਵੇ ਨੂੰ 42 ਦੌੜਾਂ ਨਾਲ ਹਰਾਇਆ, ਚਮਕੇ ਮੁਕੇਸ਼ ਕੁਮਾਰ

IND vs ZIM 5th T20: ਉਪ ਕਪਤਾਨ ਸੰਜੂ ਸੈਮਸਨ ਦੇ ਅਰਧ ਸੈਂਕੜੇ ਅਤੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦੀਆਂ 4 ਵਿਕਟਾਂ ਦੇ ਦਮ ‘ਤੇ ਭਾਰਤ ਨੇ ਜ਼ਿੰਬਾਬਵੇ ਨੂੰ ਪੰਜਵੇਂ ਅਤੇ ਆਖਰੀ ਟੀ-20 ਮੈਚ ‘ਚ 42 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਇਹ ਸੀਰੀਜ਼ 4-1 ਨਾਲ ਜਿੱਤ ਲਈ ਹੈ। ਜ਼ਿਆਦਾਤਰ ਨੌਜਵਾਨ ਖਿਡਾਰੀਆਂ ਵਾਲੀ ਟੀਮ ਨੇ ਪਹਿਲਾ ਮੈਚ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਅਤੇ ਲਗਾਤਾਰ ਚਾਰ ਮੈਚ ਜਿੱਤੇ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤ ਨੇ ਜ਼ਿੰਬਾਬਵੇ ਨੂੰ 168 ਦੌੜਾਂ ਦਾ ਟੀਚਾ ਦਿੱਤਾ। ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿੰਬਾਬਵੇ ਨੂੰ 19.3 ਓਵਰਾਂ ‘ਚ 125 ਦੇ ਸਕੋਰ ‘ਤੇ ਆਊਟ ਕਰ ਦਿੱਤਾ।

ਮੁਕੇਸ਼ ਕੁਮਾਰ ਨੇ 4 ਵਿਕਟਾਂ ਲਈਆਂ
ਭਾਰਤ ਲਈ ਮੁਕੇਸ਼ ਕੁਮਾਰ ਨੇ ਆਪਣੇ ਪਹਿਲੇ ਸਪੈੱਲ ‘ਚ ਦੋ ਵਿਕਟਾਂ ਲਈਆਂ, ਜਦਕਿ ਆਖਰੀ ਓਵਰ ‘ਚ ਸਿਰਫ ਤਿੰਨ ਗੇਂਦਾਂ ‘ਚ ਦੋ ਬੱਲੇਬਾਜ਼ਾਂ ਨੂੰ ਆਊਟ ਕਰਕੇ ਜ਼ਿੰਬਾਬਵੇ ਦੀ ਪਾਰੀ ਦਾ ਅੰਤ ਕਰ ਦਿੱਤਾ। ਸ਼ਿਵਮ ਦੂਬੇ ਨੇ ਦੋ ਵਿਕਟਾਂ ਆਪਣੇ ਨਾਂ ਕੀਤੀਆਂ। ਤੁਸ਼ਾਰ ਦੇਸ਼ਪਾਂਡੇ, ਵਾਸ਼ਿੰਗਟਨ ਸੁੰਦਰ ਅਤੇ ਅਭਿਸ਼ੇਕ ਸ਼ਰਮਾ ਨੇ ਇਕ-ਇਕ ਵਿਕਟ ਲਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪਾਵਰ ਪਲੇਅ ਵਿੱਚ ਤਿੰਨ ਵਿਕਟਾਂ ਗੁਆ ਦਿੱਤੀਆਂ। ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ ਅਤੇ ਅਭਿਸ਼ੇਕ ਸ਼ਰਮਾ 20 ਦੇ ਸਕੋਰ ਤੱਕ ਵੀ ਨਹੀਂ ਪਹੁੰਚ ਸਕੇ।

ਸੈਮਸਨ ਅਤੇ ਰਿਆਨ ਪਰਾਗ ਵਿਚਾਲੇ 65 ਦੌੜਾਂ ਦੀ ਸਾਂਝੇਦਾਰੀ ਹੋਈ
ਸੰਜੂ ਸੈਮਸਨ ਅਤੇ ਰਿਆਨ ਪਰਾਗ ਨੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਹੋਈ। ਇਹ ਸਾਂਝੇਦਾਰੀ ਉਦੋਂ ਟੁੱਟੀ ਜਦੋਂ 15ਵੇਂ ਓਵਰ ‘ਚ ਰਿਆਨ ਪਰਾਗ 22 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਏ। ਪਰ ਸੈਮਸਨ ਨੇ  45 ਗੇਂਦਾਂ ਵਿੱਚ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਬਾਅਦ ਸ਼ਿਵਮ ਦੂਬੇ ਨੇ 12 ਗੇਂਦਾਂ ‘ਤੇ ਦੋ ਚੌਕਿਆਂ ਅਤੇ ਛੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ। ਰਿੰਕੂ ਸਿੰਘ ਦੇ ਬੱਲੇ ਤੋਂ 11 ਦੌੜਾਂ ਆਈਆਂ। ਭਾਰਤ ਦੀ ਜਿੱਤ ਵਿੱਚ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਰਹੀ।

ਵਾਸ਼ਿੰਗਟਨ ਸੁੰਦਰ ਪਲੇਅਰ ਆਫ ਦ ਸੀਰੀਜ਼ ਬਣਿਆ
ਵਾਸ਼ਿੰਗਟਨ ਸੁੰਦਰ ਨੂੰ ਪੂਰੀ ਸੀਰੀਜ਼ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਆਫ ਆਫ ਦਾ ਸੀਰੀਜ਼ ਪੁਰਸਕਾਰ ਦਿੱਤਾ ਗਿਆ। ਜ਼ਿੰਬਾਬਵੇ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਸਲਾਮੀ ਬੱਲੇਬਾਜ਼ ਵੇਸਲੇ ਮਧਵੇਰੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਦੂਜੇ ਸਲਾਮੀ ਬੱਲੇਬਾਜ਼ ਤਾਦਿਵਨਾਸ਼ੇ ਮਾਰੂਮਨੀ ਨੇ 27 ਦੌੜਾਂ ਦੀ ਅਹਿਮ ਪਾਰੀ ਖੇਡੀ। ਟੀਮ ਲਈ ਡਿਓਨ ਮਾਇਰਸ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜ਼ਿੰਬਾਬਵੇ ਨੇ ਤੇਜ਼ੀ ਨਾਲ ਕਈ ਵਿਕਟਾਂ ਗੁਆ ਦਿੱਤੀਆਂ। ਫਰਾਜ਼ ਅਕਰਮ ਨੇ 13 ਗੇਂਦਾਂ ‘ਤੇ 27 ਦੌੜਾਂ ਬਣਾ ਕੇ ਪਾਰੀ ਨੂੰ ਤੇਜ਼ ਕੀਤਾ ਪਰ ਉਸ ਦੀ ਪਾਰੀ ਬੇਕਾਰ ਗਈ ਅਤੇ ਟੀਮ 42 ਦੌੜਾਂ ਨਾਲ ਹਾਰ ਗਈ।

Exit mobile version