New Delhi- ਨਵੀਂ ਦਿੱਲੀ ਵਿਖੇ ਜੀ-20 ਸਿਖਰ ਸੰਮੇਲਨ ’ਚ ਸ਼ਾਮਿਲ ਹੋਣ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਜਹਾਜ਼ ’ਚ ਤਕਨੀਕੀ ਖ਼ਰਾਬੀ ਕਾਰਨ ਦੋ ਦਿਨਾਂ ਤੱਕ ਭਾਰਤ ’ਚ ਫਸੇ ਰਹਿਣ ਮਗਰੋਂ ਮੰਗਲਵਾਰ ਨੂੰ ਕੈਨੇਡਾ ਪਹੁੰਚ ਗਏ। ਇਸੇ ਵਿਚਾਲੇ ਇੱਕ ਮੀਡੀਆ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੌਰਾਨ ਭਾਰਤ ਨੇ ਉਨ੍ਹਾਂ ਨੂੰ ‘ਏਅਰ ਇੰਡੀਆ ਵਨ’ ਦੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਟਰੂਡੋ ਨੇ ਭਾਰਤ ਦੇ ਪ੍ਰਸਤਾਵ ਨੂੰ ਠੁਕਰਾਅ ਦਿੱਤਾ। ਇਸ ਦੀ ਬਜਾਏ ਉਨ੍ਹਾਂ ਨੇ ਆਪਣੇ ਜਹਾਜ਼ ਦੇ ਠੀਕ ਹੋਣ ਦਾ ਇੰਤਜ਼ਾਰ ਕਰਨਾ ਵਧੇਰੇ ਜ਼ਰੂਰੀ ਸਮਝਿਆ।
ਟਰੂਡੋ ਅਤੇ ਉਨ੍ਹਾਂ ਦੇ ਵਫ਼ਦ ਨੇ ਐਤਵਾਰ ਨੂੰ ਕੈਨੇਡਾ ਵਾਪਸ ਪਹੁੰਚਣਾ ਸੀ ਪਰ ਜਹਾਜ਼ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਉਨ੍ਹਾਂ ਨੂੰ ਦੋ ਦਿਨਾਂ ਤੱਕ ਭਾਰਤ ’ਚ ਰੁਕਣਾ ਪਿਆ। ਇਸ ਦੌਰਾਨ ਪ੍ਰਧਾਨ ਮੰਤਰੀ ਆਪਣੇ ਹੋਟਲ ਦੇ ਕਮਰੇ ’ਚ ਹੀ ਰਹੇ। ਇਸ ਦੌਰਾਨ ਭਾਰਤ ਨਾਲ ਉਨ੍ਹਾਂ ਦਾ ਕੋਈ ਅਧਿਕਾਰਕ ਪ੍ਰੋਗਰਾਮ ਨਹੀਂ ਸੀ। ਇੰਨਾ ਹੀ ਨਹੀਂ, ਟਰੂਡੋ ਨੇ ਇਨ੍ਹਾਂ ਦੋ ਦਿਨਾਂ ਦੌਰਾਨ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ ਕਿਸੇ ਵੀ ਪ੍ਰੋਗਰਾਮ ’ਚ ਹਿੱਸਾ ਨਹੀਂ ਲਿਆ।
ਇਸ ਤੋਂ ਪਹਿਲਾਂ ਜੀ.-20 ਸਿਖਰ ਸੰਮੇਲਨ ਦੌਰਾਨ ਟਰੂਡੋ ਵਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ। ਇਸ ਬੈਠਕ ਦੌਰਾਨ ਮੋਦੀ ਨੇ ਕੈਨੇਡਾ ’ਚ ਖ਼ਾਲਿਸਤਾਨੀ ਸਮਰਥਕਾਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਚਿੰਤਾ ਪ੍ਰਗਟਾਈ। ਇਸ ’ਤੇ ਟਰੂਡੋ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਤੋਂ ਬੋਲਣ ਦੀ ਸੁਤੰਤਰਤਾ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਹਿੰਸਾ ਰੋਕਣ ਲਈ ਹਰ ਸੰਭਵ ਕਦਮ ਚੁੱਕਣਗੇ।