ਅੰਮ੍ਰਿਤਸਰ : ਟੋਕੀਓ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਅੱਜ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਭਾਰਤੀ ਹਾਕੀ ਟੀਮ ਨੂੰ ਇਕ ਕਰੋੜ ਦਾ ਚੈੱਕ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਵਿਚ ਕੈਪਟਨ ਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ ਹੋਰ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ (ਤਿੰਮੋਵਾਲ), ਦਿਲਪ੍ਰੀਤ ਸਿੰਘ (ਬੁਤਾਲਾ), ਗੁਰਜੰਟ ਸਿੰਘ (ਖਲਿਹਰਾ), ਸ਼ਮਸ਼ੇਰ ਸਿੰਘ (ਅਟਾਰੀ) ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਦੋ ਖਿਡਾਰੀ ਸਿਮਰਨਜੀਤ ਸਿੰਘ (ਚਾਹਲ ਕਲਾਂ) ਤੇ ਹਾਰਦਿਕ ਸਿੰਘ (ਬਟਾਲਾ), ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਮਨਦੀਪ ਸਿੰਘ ਤੇ ਵਰੁਣ ਕੁਮਾਰ ਅਤੇ ਫ਼ਰੀਦਕੋਟ ਨਿਵਾਸੀ ਰੁਪਿੰਦਰਪਾਲ ਸਿੰਘ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਕਲਾਂ ਸ਼ਾਮਿਲ ਸਨ।
ਅੰਮ੍ਰਿਤਸਰ ਏਅਰਪੋਰਟ ਪਹੁੰਚਣ ਤੋਂ ਬਾਅਦ ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਖਿਡਾਰੀਆਂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ।
ਸਨਮਾਨ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਉ, ਗੁਲਦਸਤਾ ਤੇ ਪੰਜ ਲੱਖ ਦੀ ਰਕਮ ਸ਼ਾਮਿਲ ਹੈ। ਹਾਕੀ ਟੀਮ ਦੇ ਖਿਡਾਰੀ ਵਰੁਨ ਕੁਮਾਰ ਇਸ ਸਮਾਗਮ ਵਿਚ ਦਸਤਾਰ ਸਜਾ ਕੇ ਪਹੁੰਚੇ ਸਨ। ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਮਿਆਦੀਆ ਕਲਾਂ ਨੂੰ ਵੀ ਬੀਬੀ ਜਗੀਰ ਕੌਰ ਤੇ ਹੋਰ ਸ਼ਖ਼ਸੀਅਤਾਂ ਨੇ ਸਨਮਾਨਿਤ ਕੀਤਾ।
ਟੀਵੀ ਪੰਜਾਬ ਬਿਊਰੋ