ਗੋਆ-ਮੁੰਬਈ ਹਾਈਵੇ ‘ਤੇ ਵਾਪਰਿਆ ਭਿਆਨਕ ਹਾਦਸਾ, ਇੱਕ ਬੱਚੇ ਸਣੇ 9 ਲੋਕਾਂ ਦੀ ਮੌਤ

ਮਾਨਗਾਂਵ – ਮਹਾਰਾਸ਼ਟਰ ਵਿੱਚ ਮੁੰਬਈ-ਗੋਆ ਹਾਈਵੇ ‘ਤੇ ਇੱਕ ਭਿਆਨਕ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ। ਇੱਕ ਕਾਰ ਤੇ ਟਰੱਕ ਵਿਚਾਲੇ ਟੱਕਰ ਹੋਣ ਕਾਰਨ ਕਾਰ ਵਿੱਚ ਸਵਾਰ 9 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕਾਂ ਵਿੱਚ 3 ਮਹਿਲਾਵਾਂ ਵੀ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਏਗੜ੍ਹ ਦੇ ਮਾਨਗਾਂਵ ਦੇ ਰੇਪੋਲੀ ਵਿੱਚ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ ਕਾਰ ਦੇ ਪਰਖੱਚੇ ਉੱਡ ਗਏ। ਜਿਵੇਂ ਹੀ ਟਰੱਕ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਈ ਕਾਰ ਪੂਰੀ ਤਰ੍ਹਾਂ ਪਿਚਕ ਕੇ ਹਾਦਸਾਗ੍ਰਸਤ ਹੋ ਗਈ ਤੇ ਕਾਰ ਵਿੱਚ ਸਵਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਰਾਏਗੜ੍ਹ ਜ਼ਿਲ੍ਹੇ ਵਿੱਚ ਮੁੰਬਈ-ਗੋਆ ਰਾਜਮਾਰਗ ‘ਤੇ ਵੀਰਵਾਰ ਸਵੇਰੇ 4.45 ਵਜੇ ਇਹ ਘਟਨਾ ਵਾਪਰੀ। ਤੇਜ਼ ਰਫ਼ਤਾਰ ਟਰੱਕ ਦੀ ਵੈਨ ਨਾਲ ਟੱਕਰ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਤੇ ਇੱਕ ਬੱਚਾ ਜ਼ਖਮੀ ਦੱਸਿਆ ਜਾ ਰਿਹਾ ਹੈ। ਇਹ ਘਟਨਾ ਮੁੰਬਈ ਤੋਂ 130 ਕਿਮੀ. ਤੋਂ ਵੱਧ ਦੂਰ ਸਥਿਤ ਰਾਏਗੜ੍ਹ ਦੇ ਰੋਪੇਲੀ ਪਿੰਡ ਵਿੱਚ ਵਾਪਰੀ।

ਇਸ ਘਟਨਾ ਸਬੰਧੀ ਪੁਲਿਸ ਅਧਿਕਾਰੀ ਸੋਮਨਾਥ ਘਾਰਗੇ ਨੇ ਦੱਸਿਆ ਕਿ ਸਾਰੇ ਲੋਕ ਆਪਸ ਵਿੱਚ ਰਿਸ਼ਤੇਦਾਰ ਸਨ ਤੇ ਇਹ ਰਤਨਾਗਿਰੀ ਜ਼ਿਲ੍ਹੇ ਦੇ ਗੁਹਾਗਰ ਜਾ ਰਹੇ ਸਨ। ਟਰੱਕ ਮੁੰਬਈ ਵੱਲ ਜਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਬੱਚੀ, ਤਿੰਨ ਮਹਿਲਾਵਾਂ ਤੇ ਪੰਜ ਪੁਰਸ਼ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਮੌਕੇ ‘ਤੇ ਪਹੁੰਚੀ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ 4 ਸਾਲਾ ਬੱਚੀ ਨੂੰ ਮਾਨਗਾਂਵ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਫਿਲਹਾਲ ਦੁਰਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।