ਡੈਸਕ- ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਵਿਦਿਆਰਥੀ ਦੇ ਪਰਿਵਾਰ ਤੋਂ 1200 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਅਮਰੀਕਾ ਦੀ ਕਲੀਵਲੈਂਡ ਯੂਨੀਵਰਸਿਟੀ ਵਿਚ ਆਈਟੀ ਵਿਚ ਮਾਸਟਰ ਦੀ ਪੜ੍ਹਾਈ ਕਰ ਰਿਹਾ 25 ਸਾਲਾ ਅਬਦੁਲ ਮੁਹੰਮਦ ਹੈਦਰਾਬਾਦ ਦਾ ਰਹਿਣ ਵਾਲਾ ਹੈ। ਅਬਦੁਲ 7 ਮਾਰਚ ਤੋਂ ਲਾਪਤਾ ਦਸਿਆ ਜਾ ਰਿਹਾ ਹੈ। ਅਬਦੁਲ ਦੇ ਪਿਤਾ ਮੁਹੰਮਦ ਸਲੀਮ ਨੂੰ ਇਕ ਧਮਕੀ ਭਰਿਆ ਕਾਲ ਆਇਆ ਜਿਸ ਵਿਚ ਇਕ ਅਣਪਛਾਤੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਨੇ ਅਬਦੁਲ ਨੂੰ ਅਗ਼ਵਾ ਕਰ ਲਿਆ ਹੈ।
ਕਾਲ ਕਰਨ ਵਾਲੇ ਨੇ ਕਲੀਵਲੈਂਡ ਵਿਚ ਇਕ ਡਰੱਗ ਗੈਂਗ ਨਾਲ ਕਥਿਤ ਸਬੰਧ ਹੋਣ ਦਾ ਦਾਅਵਾ ਕੀਤਾ ਅਤੇ ਅਬਦੁਲ ਦੀ ਸੁਰੱਖਿਅਤ ਵਾਪਸੀ ਲਈ 1,200 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ। ਇਸ ਤੋਂ ਇਲਾਵਾ ਫ਼ੋਨ ਕਰਨ ਵਾਲੇ ਨੇ ਧਮਕੀ ਦਿਤੀ ਕਿ ਜੇਕਰ ਪੈਸੇ ਤੁਰਤ ਨਾ ਦਿਤੇ ਤਾਂ ਅਬਦੁਲ ਦੀ ਕਿਡਨੀ ਵੇਚ ਦਿਤੀ ਜਾਵੇਗੀ। ਅਜਿਹੀਆਂ ਧਮਕੀਆਂ ਨੇ ਅਮਰੀਕਾ ਵਿਚ ਅਬਦੁਲ ਦੇ ਰਿਸ਼ਤੇਦਾਰਾਂ ਨੂੰ ਡਰਾ ਦਿਤਾ ਅਤੇ ਉਨ੍ਹਾਂ ਨੇ ਤੁਰਤ ਕਲੀਵਲੈਂਡ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ।