Calgary- ਕੈਲਗਰੀ ਦਾ ਇੱਕ ਰਸੋਈ ਘਰ, ਜੋ ਕਈ ਸਥਾਨਕ ਡੇ-ਕੇਅਰਾਂ ਨੂੰ ਭੋਜਨ ਸਪਲਾਈ ਕਰਦੀ ਸੀ ਅਤੇ ਜਿਸ ਦੇ ਚੱਲਦਿਆਂ ਵੱਡੇ ਪੱਧਰ ’ਤੇ ਬੱਚੇ ਅਤੇ ਸਟਾਫ਼ ਮੈਂਬਰ ਈ.-ਕੋਲਾਈ ਦੀ ਲਪੇਟ ’ਚ ਆ ਗਏ ਸਨ, ਇਸ ਮਹੀਨੇ ਦੇ ਸ਼ੁਰੂ ’ਚ ਹੀ ਕੀਤੇ ਗਏ ਇੱਕ ਨਿਰੀਖਣ ਦੌਰਾਨ ਫੇਲ੍ਹ ਹੋ ਗਿਆ ਸੀ। ਅਲਬਰਟਾ ਹੈਲਥ ਸਰਵਿਸਿਜ਼ (ਏ.ਐਚ.ਐਸ.) ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਏਐਚਐਸ ਨੇ ਮੰਗਲਵਾਰ ਨੂੰ ਫਿਊਲਿੰਗ ਮਾਈਂਡਜ਼ ਦੇ ਨਵੀਨਤਮ ਸਿਹਤ ਨਿਰੀਖਣ ਦੇ ਵੇਰਵੇ ਵੀ ਸਾਂਝੇ ਕੀਤੇ।
ਇਸ ਰਿਪੋਰਟ ’ਚ ਇਹ ਦੱਸਿਆ ਗਿਆ ਹੈ ਕਿ ਜਦੋਂ ਹੈਲਥ ਇੰਸਪੈਕਟਰਾਂ ਵਲੋਂ ਰਸੋਈ ਘਰ ਦਾ ਦੌਰਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਤਿੰਨ ਗੰਭੀਰ ਉਣਤਾਈਆਂ ਪਤਾ ਲੱਗਾ। ਇਸ ਮਗਰੋਂ ਉਨ੍ਹਾਂ ਨੇ ਇਸ ਨੂੰ ਉਦੋਂ ਤੱਕ ਬੰਦ ਕਰਨ ਲਈ ਕਿਹਾ ਸੀ, ਇਨ੍ਹਾਂ ਨੂੰ ਠੀਕ ਨਹੀਂ ਕਰ ਲਿਆ ਜਾਂਦਾ।
ਇਨ੍ਹਾਂ ’ਚ ਭੋਜਨ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਅਤੇ ਭਾਂਡਿਆਂ ਦੀ ਗਲਤ ਸਵੱਛਤਾ, ਭੋਜਨ ਨੂੰ ਸੰਭਾਲਣ ਦੀਆਂ ਗਲਤ ਪ੍ਰਕਿਰਿਆਵਾਂ ਅਤੇ ਕੀਟ ਨਿਯੰਤਰਣ ਦੇ ਮੁੱਦੇ ਸ਼ਾਮਲ ਸਨ। ਰਿਪੋਰਟ ’ਚ ਇਹ ਦੱਸਿਆ ਗਿਆ ਹੈ ਕਿ ਡਿਸ਼ਵਾਸ਼ਿੰਗ ਖੇਤਰ ਦੇ ਆਲੇ-ਦੁਆਲੇ ਸਟੇਨਲੈਸ ਸਟੀਲ ਦੇ ਉਪਕਰਨਾਂ ਦੇ ਕਿਨਾਰਿਆਂ ’ਤੇ ਦੋ ਜਿਊਂਦੇ ਕਾਕਰੋਚ ਦੇਖੇ ਗਏ ਸਨ। ਇੰਨਾ ਹੀ ਨਹੀਂ, ਰਸੋਈ ਘਰ ’ਚ ਹੋਰ ਵੀ ਬਹੁਤ ਸਾਰੀਆਂ ਥਾਵਾਂ ’ਤੇ ਕਾਕਰੋਚ ਮੌਜੂਦ ਸਨ।
ਅਲਬਰਟਾ ਦੇ ਸਿਹਤ ਦੇ ਮੁੱਖ ਮੈਡੀਕਲ ਅਫਸਰ ਡਾਕਟਰ ਮਾਰਕ ਜੋਫ ਦਾ ਕਹਿਣਾ ਹੈ ਕਿ ਈ.-ਕੋਲਾਈ ਗੰਦਗੀ ਦੇ ਸਰੋਤ ਦਾ ਅਜੇ ਪਤਾ ਨਹੀਂ ਹੈ, ਪਰ ਜਿਵੇਂ ਹੀ ਸਿਹਤ ਅਧਿਕਾਰੀਆਂ ਨੇ ਮਰੀਜ਼ਾਂ ਨੂੰ ਹਸਪਤਾਲਾਂ ’ਚ ਦਾਖਲ ਕਰਨਾ ਸ਼ੁਰੂ ਕੀਤਾ ਤਾਂ ਪ੍ਰਕੋਪ ਦੀ ਘੋਸ਼ਣਾ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਸਿਹਤ ਨਿਰੀਖਕਾਂ ਨੇ ਵੱਖ-ਵੱਖ ਤਰ੍ਹਾਂ ਦੇ ਨਮੂਨੇ ਇਕੱਤਰ ਕੀਤੇ ਹਨ ਅਤੇ ਇਨ੍ਹਾਂ ਦਾ ਏਐਚਐਸ ਲੈਬਾਂ ’ਚ ਪਰੀਖਣ ਕੀਤਾ ਜਾ ਰਿਹਾ ਹੈ। ਜੋਫ ਮੁਤਾਬਕ ਇੱਕ ਵਾਰ ਜਾਂਚ ਦੇ ਪੂਰਾ ਹੋਣ ਮਗਰੋਂ ਹੀ ਲਾਗ ਦੇ ਅਸਲੀ ਸਰੋਤ ਦਾ ਪਤਾ ਲੱਗ ਸਕੇਗਾ।