ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ‘ਬਸੇਰਾ’ ਯੋਜਨਾ ਤਹਿਤ ਝੁੱਗੀ-ਝੌਪੜੀਆਂ ਵਿਚ ਰਹਿਣ ਵਾਲੇ 21 ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕਾਨਾਂ ਹੱਕ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ ਨੇ ਨਗਰ ਨਿਗਮ ਅਧੀਨ ਆਉਂਦੀ ਜੀਵਨ ਸਿੰਘ ਕਲੋਨੀ ਵਿਚ ਰਹਿਣ ਵਾਲੇ 21 ਲਾਭਪਾਤਰੀਆਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਤੇ ਸਰਟੀਫਿਕੇਟ ਸੌਂਪਦਿਆਂ ਦੱਸਿਆ ਕਿ ਇਹ ਲਾਭਪਾਤਰੀ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਨਾਲ ਸਬੰਧ ਰੱਖਦੇ ਹਨ, ਜੋ ਕਿ ਇਥੇ ਕਰੀਬ 20 ਸਾਲਾਂ ਤੋਂ ਰਹਿ ਰਹੇ ਸਨ ਪਰ ਇਨ੍ਹਾਂ ਪਾਸ ਜ਼ਮੀਨ ਦੇ ਮਾਲਕਾਨਾ ਹੱਕ ਨਹੀਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ਨੂੰ ਸਲੱਮ ਡਵੈਲਰਜ਼ ਐਕਟ ਅਧੀਨ ਜ਼ਮੀਨ ਦੇ ਮਾਲਕਾਨਾਂ ਹੱਕ ਸੌਂਪੇ ਗਏ ਹਨ। ਨਾਲ ਹੀ ਇਹ ਵੀ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ਵਿਚ 5 ਅਜਿਹੇ ਲਾਭਪਾਤਰੀ ਸ਼ਾਮਲ ਹਨ, ਜਿਨ੍ਹਾਂ ਨੂੰ ਮਾਲਕਾਨਾਂ ਹੱਕ ਬਿਲਕੁਲ ਮੁਫ਼ਤ ਸੌਂਪੇ ਗਏ ਹਨ।
ਉਨ੍ਹਾਂ ਬਸੇਰਾ ਯੋਜਨਾ ਨੂੰ ਪੰਜਾਬ ਸਰਕਾਰ ਦੀ ਨਿਵੇਕਲੀ ਸਕੀਮ ਕਰਾਰ ਦਿੰਦਿਆਂ ਕਿਹਾ ਕਿ ਜ਼ਮੀਨ ਦੇ ਮਾਲਕਾਨਾ ਹੱਕ ਪ੍ਰਾਪਤ ਕਰਨ ਤੋਂ ਬਾਅਦ ਇਹ ਲਾਭਪਾਤਰੀ ਹੁਣ ਕਿਸੇ ਵੀ ਵਿੱਤੀ ਸੰਸਥਾ ਤੋਂ ਘਰ ਲਈ ਕਰਜ਼ਾ ਲੈਣ ਲਈ ਇਨ੍ਹਾਂ ਸਰਟੀਫਿਕੇਟਾਂ ਦੀ ਵਰਤੋਂ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਰਾਹਤ ਦੇਣ ਦੇ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹੇ ਵਿਚ ਪੰਜਾਬ ਸਰਕਾਰ ਦੀ ਬਸੇਰਾ ਸਕੀਮ ਤਹਿਤ ਸਮੁੱਚੇ ਯੋਗ ਲਾਭਪਾਤਰੀਆਂ ਨੂੰ ਜਲਦ ਕਵਰ ਕੀਤਾ ਜਾਵੇਗਾ।
ਇਸ ਮੌਕੇ ਐਸ.ਈ. ਰਾਹੁਲ ਧਵਨ, ਐਕਸੀਅਨ ਮਨਧੀਰ ਸਿੰਘ, ਐਸ.ਡੀ.ਓ. ਸੌਰਵ ਸੰਧੂ, ਜੇ.ਈ. ਨਵਜੋਤ ਸਿੰਘ, ਪਾਰੁਲ, ਪਾਰਿਤੋਸ਼, ਕੌਂਸਲਰ ਪ੍ਰਭ ਦਿਆਲ, ਸ਼੍ਰੀਮਤੀ ਬਰਿੰਦਰਪ੍ਰੀਤ ਕੌਰ ਤੇ ਹੋਰ ਮੌਜੂਦ ਸਨ।
ਟੀਵੀ ਪੰਜਾਬ ਬਿਊਰੋ