Asia Cup 2022, India vs Pakistan: ਪਾਕਿਸਤਾਨ ਟੀਮ ਦੇ ਸਾਬਕਾ ਮੁੱਖ ਕੋਚ ਮਿਕੀ ਆਰਥਰ ਏਸ਼ੀਆ ਕੱਪ ਦੇ ਮੈਚ ‘ਚ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਤੋਂ ਕਾਫੀ ਪ੍ਰਭਾਵਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੈਚ ਦੌਰਾਨ ਅਜਿਹਾ ਲੱਗ ਰਿਹਾ ਸੀ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ 11 ਨਹੀਂ ਸਗੋਂ 12 ਖਿਡਾਰੀਆਂ ਨਾਲ ਮੈਦਾਨ ‘ਤੇ ਉਤਰੀ ਸੀ। ਹਾਰਦਿਕ ਨੇ ਗੇਂਦਬਾਜ਼ੀ ਕਰਦੇ ਹੋਏ ਪਾਕਿਸਤਾਨੀ ਮਿਡਲ ਆਰਡਰ ਦੀ ਕਮਰ ਤੋੜ ਦਿੱਤੀ। ਉਸ ਨੇ ਕੁੱਲ ਤਿੰਨ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਆਊਟ ਕੀਤਾ। ਇਸ ਤੋਂ ਬਾਅਦ ਬੱਲੇਬਾਜ਼ੀ ਦੌਰਾਨ ਪਰਿਪੱਕਤਾ ਦਿਖਾਉਂਦੇ ਹੋਏ ਹਾਰਦਿਕ ਨੇ 33 ਗੇਂਦਾਂ ‘ਚ 35 ਦੌੜਾਂ ਬਣਾਈਆਂ।
ਮਿਕੀ ਆਰਥਰ ਨੇ ਕਿਹਾ, ”ਉਹ ਮਹਾਨ ਕ੍ਰਿਕਟਰ ਹੈ। ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ 12 ਕ੍ਰਿਕਟਰਾਂ ਨਾਲ ਮੈਦਾਨ ‘ਚ ਉਤਰੀ ਹੈ। ਉਸ ਨੇ ਮੈਨੂੰ ਉਸ ਸਮੇਂ ਦੀ ਯਾਦ ਦਿਵਾਈ ਜਦੋਂ ਮੈਂ ਦੱਖਣੀ ਅਫਰੀਕਾ ਵਿੱਚ ਸੀ ਅਤੇ ਸਾਡੀ ਟੀਮ ਵਿੱਚ ਜੈਕ ਕੈਲਿਸ ਸੀ। ਉਸ ਕੋਲ ਅਜਿਹਾ ਖਿਡਾਰੀ ਹੈ ਜੋ ਚੌਥੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਨਿਭਾ ਸਕਦਾ ਹੈ ਅਤੇ ਨੰਬਰ-5 ‘ਤੇ ਬੱਲੇਬਾਜ਼ੀ ਵੀ ਕਰ ਸਕਦਾ ਹੈ। ਇਹ ਇੱਕ ਵਾਧੂ ਖਿਡਾਰੀ ਨਾਲ ਖੇਡਣ ਵਰਗਾ ਹੈ। ਮੈਂ ਹਾਰਦਿਕ ਨੂੰ ਸਮੇਂ ਦੇ ਨਾਲ ਹੋਰ ਪਰਿਪੱਕ ਹੁੰਦੇ ਦੇਖਿਆ ਹੈ।
ਆਰਥਰ ਨੇ ਕਿਹਾ, ”ਆਈਪੀਐੱਲ ਦੌਰਾਨ ਉਨ੍ਹਾਂ ਦੀ ਅਗਵਾਈ ਸ਼ਾਨਦਾਰ ਸੀ। ਉਸ ਨੇ ਟੀਮ ਨੂੰ ਚੰਗੀ ਤਰ੍ਹਾਂ ਸੰਭਾਲਿਆ। ਉਹ ਦਬਾਅ ਵਾਲੀਆਂ ਸਥਿਤੀਆਂ ਵਿੱਚ ਆਪਣੀ ਟੀਮ ਲਈ ਬਹੁਤ ਵਧੀਆ ਖੇਡਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਬਹੁਤ ਚੰਗੇ ਕ੍ਰਿਕਟਰ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ।”