ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ, ਅੱਜ ਸ਼ੁਰੂ ਕਰਨ ਵਾਲੇ ਸੀ ਭੁੱਖ ਹੜਤਾਲ

ਡੈਸਕ- ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਉਹ ਅੱਜ (26 ਨਵੰਬਰ) ਨੂੰ ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ‘ਤੇ ਭੁੱਖ ਹੜਤਾਲ ਸ਼ੁਰੂ ਕਰਨ ਵਾਲੇ ਸਨ। ਉਨ੍ਹਾਂ ਨੂੰ ਦੇਰ ਰਾਤ ਪੁਲਿਸ ਨੇ ਹਿਰਾਸਤ ‘ਚ ਲਿਆ। ਸੂਤਰਾਂ ਮੁਤਾਬਕ ਪੁਲਿਸ ਹਿਰਾਸਤ ‘ਚ ਲੈਣ ਤੋਂ ਬਾਅਦ ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੈ ਗਈ ਹੈ।

ਜਗਜੀਤ ਡੱਲੇਵਾਲ ਨੇ ਇੱਕ ਦਿਨ ਪਹਿਲਾਂ, ਸੋਮਵਾਰ ਨੂੰ ਫਰੀਦਕੋਟ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਸੀ ਕਿ ਉਹ ਭੁੱਖ ਹੜਤਾਲ ‘ਤੇ ਬੈਠਣ ਜਾ ਰਹੇ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਪਵੇਗਾ ਜਾਂ ਫਿਰ ਉਹ ਜਾਨ ਕੁਰਬਾਨ ਕਰ ਦੇਣਗੇ। ਉਨ੍ਹਾਂ ਦੀ ਮੌਤ ਤੋਂ ਵੀ ਇਹ ਅੰਦੋਲਨ ਨਹੀਂ ਰੁਕੇਗਾ। ਉਨ੍ਹਾਂ ਨੇ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਦੂਜੇ ਆਗੂ ਭੁੱਖ ਹੜਤਾਲ ‘ਤੇ ਬੈਠਣਗੇ।

ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਇਸ ਕਰਕੇ ਉਨ੍ਹਾਂ ਨੇ ਆਪਣੀ ਜ਼ਮੀਨ ਪੁੱਤ, ਨੂੰਹ ਤੇ ਪੋਤੇ ਦੇ ਨਾਂ ਕਰਵਾ ਦਿੱਤੀ ਹੈ ਤਾਂ ਕਿ ਵਿਵਾਦ ਨਾ ਰਹੇ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨ ਜਾਗਰੂਕਤਾ ਅਭਿਐਨ ਤਹਿਤ ਘਰ-ਘਰ ਜਾ ਕੇ ਸਮਰਥਨ ਇਕੱਠਾ ਕਰ ਰਹੇ ਹਨ ਤੇ ਆਪਣੀਆਂ ਮੰਗਾਂ ਨੁੰ ਲੈ ਕੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਅਨੁਮਾਨ ਹੈ ਕਿ ਕਿਸਾਨ ਖਨੌਰੀ ਬਾਰਡਰ ‘ਤੇ ਪਹੁੰਚਣਗੇ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਕਰੀਬ 2 ਵਜੇ ਪੁਲਿਸ ਜਗਜੀਤ ਡੱਲੇਵਾਲ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਨੂੰ ਉਹ ਕਿੱਥੇ ਲੈ ਕੇ ਗਏ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿਨ੍ਹਾਂ ਨੇ ਡੱਲੇਵਾਨ ਨੂੰ ਚੁੱਕਿਆ ਹੈ, ਉਨ੍ਹਾਂ ‘ਚੋਂ ਕਈ ਪੁਲਿਸਵਾਲੇ ਹਿੰਦੀ ਵੀ ਬੋਲ ਰਹੇ ਸਨ।

ਪੰਧੇਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ‘ਤੇ ਜ਼ੁਲਮ ਢਾਹ ਰਹੀ ਹੈ। ਡੱਲੇਵਾਲ ਨੂੰ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਅਧਿਕਾਰ ਖੇਤਰ ਤੋਂ ਚੁੱਕਿਆ ਗਿਆ ਹੈ, ਇਸ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਪ੍ਰਤੀ ਆਪਣੀ ਸਥਿਤੀ ਸਪੱਸ਼ਟ ਕਰਨੀ ਪਵੇਗੀ। ਦੱਸਣਾ ਪਵੇਗਾ ਕਿ ਉਹ ਕਿੱਥੇ ਲੈ ਗਏ ਹਨ? ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ।