ਕਿਸਾਨ ਕਲੱਬ ਦਾ ਮਾਸਿਕ ਸਿਖਲਾਈ ਕੈਂਪ ਸਮਾਪਤ

ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਯੋਗ ਅਗਵਾਈ ਹੇਠ ਪੀ.ਏ.ਯੂ. ਕਿਸਾਨ ਕਲੱਬ ਦਾ ਮਹੀਨਾਵਾਰ ਸਿਖਲਾਈ ਕੈਂਪ ਅੱਜ ਨੇਪਰੇ ਚੜਿਆ।

ਅਪਰ ਨਿਰਦੇਸ਼ਕ ਸੰਚਾਰ ਅਤੇ ਕਿਸਾਨ ਕਲੱਬ ਦੇ ਕੁਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੈਂਪ ਵਿਚ ਭਾਗ ਲੈਣ ਵਾਲੇ ਕਿਸਾਨਾਂ ਅਤੇ ਮਾਹਿਰਾਂ ਦਾ ਸਵਾਗਤ ਕਰਦਿਆਂ ਕੈਂਪ ਦੀਆਂ ਗਤੀਵਿਧੀਆਂ ਉੱਪਰ ਝਾਤ ਪੁਆਈ ।

ਉਹਨਾਂ ਨੇ ਕਿਹਾ ਕਿ ਕਿਸਾਨ ਕਲੱਬ ਦੇ ਸਿਖਲਾਈ ਕੈਂਪਾਂ ਨੇ ਪੰਜਾਬ ਦੇ ਖੇਤੀ ਵਿਕਾਸ ਵਿਚ ਭਰਪੂਰ ਯੋਗਦਾਨ ਪਾਇਆ ਹੈ । ਇਸ ਤੋਂ ਬਾਅਦ ਚਾਰ ਤਕਨੀਕੀ ਸ਼ੈਸਨ ਹੋਏ । ਸਬਜ਼ੀ ਵਿਗਿਆਨ ਦੇ ਮਾਹਿਰ ਡਾ. ਰੂਮਾ ਦੇਵੀ ਨੇ ਪਿਆਜ਼ ਦੀ ਸਫਲ ਕਾਸ਼ਤ ਬਾਰੇ ਗੱਲ ਕੀਤੀ ।

ਡਾ. ਤਰੁਨਦੀਪ ਨੇ ਹਾੜੀ ਦੀਆਂ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਪਸਾਰ ਮਾਹਿਰ ਡਾ. ਕੁਲਵਿੰਦਰ ਨੇ ਸਬਜ਼ੀਆਂ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਨੁਕਤੇ ਸਾਂਝੇ ਕੀਤੇ ।

ਮੋਹਨਦੇਈ ਓਸਵਾਲ ਹਸਪਤਾਲ ਤੋਂ ਸਿਹਤ ਮਾਹਿਰ ਡਾ. ਸੌਰਵ ਅਗਰਵਾਲ ਨੇ ਸਰਦੀਆਂ ਵਿਚ ਸਿਹਤ ਦੀ ਸੰਭਾਲ ਸੰਬੰਧੀ ਆਪਣਾ ਭਾਸ਼ਣ ਦਿੱਤਾ । ਅੰਤ ਵਿਚ ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਪੂਨੀਆ ਨੇ ਸਭ ਦਾ ਧੰਨਵਾਦ ਕੀਤਾ।

ਕਣਕ ਦੀਆਂ ਕਿਸਮਾਂ ਅਤੇ ਬਿਜਾਈ ਬਾਰੇ ਜਾਣਕਾਰੀ ਦਿੱਤੀ

ਪੀ.ਏ.ਯੂ. ਵੱਲੋਂ ਹਰ ਹਫਤੇ ਕਰਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਆਉਂਦੇ ਹਾੜੀ ਸੀਜ਼ਨ ਦੌਰਾਨ ਕਣਕ ਦੀਆਂ ਨਵੀਆਂ ਕਿਸਮਾਂ ਅਤੇ ਬਿਜਾਈ ਢੰਗਾਂ ਬਾਰੇ ਚਰਚਾ ਹੋਈ । ਇਸ ਵਾਰ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਵਿਗਿਆਨੀ ਡਾ. ਹਰੀ ਰਾਮ ਅਤੇ ਡਾ. ਜੀ ਐੱਸ ਮਾਵੀ ਸ਼ਾਮਿਲ ਹੋਏ ।

ਉਹਨਾਂ ਦੱਸਿਆ ਕਿ ਪੰਜਾਬ ਸੂਬੇ ਵਿਚ ਵੱਖ-ਵੱਖ ਖੇਤਰਾਂ ਵਿਚ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਕਿਸਮਾਂ ਦੀ ਬਿਜਾਈ ਦਾ ਸਹੀ ਸਮਾਂ ਵੀ ਕਿਸਾਨਾਂ ਨਾਲ ਸਾਂਝਾ ਕੀਤਾ ਗਿਆ।

ਇਹਨਾਂ ਕਿਸਮਾਂ ਦੇ ਬੀਜਾਂ ਦੀ ਉਪਲੱਬਧਾ ਬਾਰੇ ਜਾਣਕਾਰੀ ਦੇਣ ਲਈ ਡਾ. ਗੌਰਵ ਖੋਸਲਾ ਸ਼ਾਮਿਲ ਹੋਏ। ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਸੀਜ਼ਨ ਕਿਹੜੇ-ਕਿਹੜੇ ਮਿਆਰੀ ਬੀਜ ਦਿੱਤੇ ਗਏ ਹਨ। ਇਹਨਾਂ ਬੀਜਾਂ ਦੀ ਕੀਮਤ ਅਤੇ ਪ੍ਰਾਪਤ ਕਰਨ ਦੇ ਤਰੀਕੇ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਟੀਵੀ ਪੰਜਾਬ ਬਿਊਰੋ