Vancouver – ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ‘ਚ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਵੱਲੋਂ ਕੈਨੇਡਾ ਵਾਸੀਆਂ ਨਾਲ ਕੁੱਝ ਵਾਅਦੇ ਕੀਤੇ ਗਏ ਹਨ।ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਡੈਂਟਲ ਕੇਅਰ, ਮੈਂਟਲ ਹੈਲਥ ਕੇਅਰ ਅਤੇ ਅਮੀਰਾਂ ਉੱਤੇ ਵਾਧੂ ਟੈਕਸ ਲਗਾਉਣਾ ਵੀ ਐਨਡੀਪੀ ਵੱਲੋਂ ਚੋਣ ਵਾਅਦਿਆਂ ‘ਚ ਸ਼ਾਮਿਲ ਕੀਤਾ ਗਿਆ ਹੈ।
ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਕੈਨੇਡਾ ‘ਚ ਬਣੇਗੀ ਤਾਂ ਉਨ੍ਹਾਂ ਵੱਲੋਂ ਕੈਨੇਡਾ ਵਾਸੀਆਂ ਲਈ
* 10 ਡਾਲਰ ਪ੍ਰਤੀ ਦਿਨ ਦੇ ਖ਼ਰਚ ਤੇ ਚਾਇਲਡ ਕੇਅਰ
* ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਲਈ ਕੈਨੇਡਾ ਮੌਰਗੇਜ ਐਂਡ ਹਾਉਸਿੰਗ ਕਾਰਪੋਰੇਸ਼ਨ ਦੇ ਬੀਮੇ ਵਾਲੀਆਂ ਮੌਰਗੇਜੇਜ਼ ਦੀ 30 ਸਾਲ ਦੀ ਟਰਮ ਦੀ ਮੁੜ ਸ਼ੁਰੂਆਤ
* ਅਗਲੇ ਦਸ ਸਾਲ ਵਿਚ ਘੱਟੋ ਘੱਟ ਪੰਜ ਲੱਖ ਕਿਫ਼ਾਇਤੀ ਘਰਾਂ ਦੀ ਉਸਾਰੀ
* ਮਹਾਮਾਰੀ ਦੌਰਾਨ ਛੋਟੇ ਕਾਰੋਬਾਰਾਂ ਲਈ ਵੇਜ ਅਤੇ ਰੈਂਟ ਸਬਸਿਡੀ ਨੂੰ ਜਾਰੀ ਰੱਖਣਾ
ਦੱਸਯੋਗ ਹੈ ਕਿ ਕੈਨੇਡਾ ‘ਚ ਇਸ ਤੋਂ ਪਹਿਲਾਂ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ। ਇਸੇ ਦੇ ਨਾਲ ਕੈਨੇਡਾ ‘ਚ ਕੋਰੋਨਾ ਵਾਈਰਸ ਦੇ ਹਾਲਾਤਾਂ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਪਹਿਲਾਂ ਹੀ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਲੈਕੇ ਪ੍ਰਧਾਨ ਮੰਤਰੀ ਟਰੂਡੋ ਦੀ ਆਲੋਚਨਾ ਕਰਦੀਆਂ ਰਹੀਆਂ ਹਨ। NDP ਲੀਡਰ ਜਗਮੀਤ ਸਿੰਘ ਵੱਲੋਂ ਵੀ ਕਿਹਾ ਗਿਆ ਸੀ ਕਿ ਕੈਨੇਡਾ ‘ਚ ਇਸ ਸਮੇਂ ਚੋਣਾਂ ਕਰਵਾਉਣਾ ਠੀਕ ਨਹੀਂ। ਚੋਣਾਂ ਦੇ ਸੰਬੰਧੀ ਜਗਮੀਤ ਸਸਿੰਘ ਨੇ ਟਰੂਡੋ ਦੇ ਇਸ ਫੈਸਲੇ ਨੂੰ ਖ਼ੁਦਗਰਜ਼ੀ ਦੱਸਿਆ ਸੀ ।