Ottawa- ਕੈਨੇਡਾ ’ਚ ਛਾਏ ਰਿਹਾਇਸ਼ੀ ਸੰਕਟ ਵਿਚਾਲੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰÇਆ ਹੈ। ਜਮਗੀਤ ਸਿੰਘ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਟਰੂਡੋ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ ’ਚ ਰਿਹਾਇਸ਼ ਸੰਕਟ ਦਾ ਦੋਸ਼ ਕੌਮਾਂਤਰੀ ਵਿਦਿਆਰਥੀਆਂ ’ਤੇ ਨਹੀਂ, ਬਲਕਿ ਸਰਕਾਰ ਦੇ ਸਿਰ ਮੜ੍ਹਨਾ ਚਾਹੀਦਾ ਹੈ।
ਜਗਮੀਤ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਮੈਂ ਅਣਗਿਣਤ ਲੋਕਾਂ ਨਾਲ ਗੱਲ ਕੀਤੀ ਹੈ, ਜਿਹੜੇ ਕਿ ਘਰਾਂ ਦੇ ਕਿਰਾਇਆਂ ’ਚ ਹੋਏ ਵਾਧੇ ਕਾਰਨ ਚਿੰਤਿਤ ਹਨ। ਉਨ੍ਹਾਂ ਕਿਹਾ ਇਸ ’ਤੇ ਤੁਰੰਤ ਕਾਰਵਾਈ ਦੀ ਲੋੜ ਹੈ। ਫੈਡਰਲ ਸਰਕਾਰ ਕੋਲ ਦੇਸ਼ ਭਰ ਦੇ ਸ਼ਹਿਰਾਂ ’ਚ ਵਧੇਰੇ ਕਿਫ਼ਾਇਤੀ ਰਿਹਾਇਸ਼ੀ ਇਕਾਈਆਂ ਬਣਾਉਣ ਲਈ ਸਰੋਤ, ਜ਼ਮੀਨ ਅਤੇ ਸ਼ਕਤੀ ਹੈ ਪਰ ਉਨ੍ਹਾਂ ਕੋਲ ਅਜਿਹਾ ਕਰਨ ਦੀ ਇੱਛਾ ਨਹੀਂ ਹੈ।
ਦੱਸਣਯੋਗ ਹੈ ਕਿ ਕੈਨੇਡੀਅਨ ਸਰਕਾਰ ਨੇ ਰਿਹਾਇਸ਼ੀ ਸੰਕਟ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਹੱਲ ਦੇ ਤੌਰ ’ਤੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਸੀਮਤ ਕਰਨ ਦਾ ਵੀ ਪ੍ਰਸਤਾਵ ਦਿੱਤਾ ਹੈ। ਹਾਲਾਂਕਿ ਜਮਗੀਤ ਸਿੰਘ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਟਰੂਡੋ ਨੂੰ ਪ੍ਰਸਤਾਵ ਦਿੱਤਾ ਕਿ ਸਿੱਖਿਆ ਸੰਸਥਾਵਾਂ ਦੇ ਨੇੜੇ ਵਿਦਿਆਰਥੀਆਂ ਦੇ ਰਹਿਣ ਦੀ ਯੋਜਨਾ ਹੋਣੀ ਚਾਹੀਦੀ ਹੈ। ਹਾਲ ਹੀ ’ਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਵਲੋਂ ਉੱਚਿਤ ਰਿਹਾਇਸ਼ ਸਹੂਲਤਾਂ ਦੀ ਮੰਗ ਕਰਦਿਆਂ ਹੋਇਆਂ ਮੁਜ਼ਾਹਰੇ ਵੀ ਕੀਤੇ ਸਨ। ਇਨ੍ਹਾਂ ’ਚ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਸ਼ਾਮਿਲ ਸਨ।