ਡੈਸਕ- ਜੰਮੂ ਡਿਵੀਜ਼ਨ ਦੇ ਡੋਡਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਹੈ। ਇਹ ਆਪਰੇਸ਼ਨ ਆਰਮੀ, ਸੀਆਰਪੀਐਫ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਇੱਕ ਜਾਂ ਦੋ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ। ਹਨੇਰੇ ਅਤੇ ਸੰਘਣੇ ਜੰਗਲ ਦਾ ਫਾਇਦਾ ਉਠਾਉਂਦੇ ਹੋਏ ਅੱਤਵਾਦੀਆਂ ਨੂੰ ਭੱਜਣ ਤੋਂ ਰੋਕਣ ਲਈ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਖਤੀ ਕੀਤੀ ਹੋਈ ਹੈ। ਜਾਣਕਾਰੀ ਮੁਤਾਬਕ ਇਸ ਮੁਕਾਬਲੇ ‘ਚ ਫੌਜ ਦੇ ਇਕ ਅਧਿਕਾਰੀ ਸਮੇਤ 5 ਸੁਰੱਖਿਆ ਕਰਮਚਾਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।
ਕਠੂਆ ਜ਼ਿਲੇ ‘ਚ ਹਾਲ ਹੀ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਦੀਆਂ ਟੀਮਾਂ ਜੰਮੂ ਖੇਤਰ ਦੇ ਵੱਖ-ਵੱਖ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਇਸ ਸਬੰਧ ‘ਚ ਡੋਡਾ ਦੇ ਸੰਘਣੇ ਜੰਗਲਾਂ ‘ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਨਾਲ ਮੁਕਾਬਲਾ ਸ਼ੁਰੂ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਜੰਗਲੀ ਖੇਤਰ ‘ਚ ਸੋਮਵਾਰ ਰਾਤ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਫੌਜ ਦੇ ਇਕ ਅਧਿਕਾਰੀ ਸਮੇਤ ਪੰਜ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਦੇ ਜਵਾਨਾਂ ਨੇ ਸ਼ਾਮ ਕਰੀਬ 7.45 ਵਜੇ ਦੇਸਾ ਜੰਗਲੀ ਖੇਤਰ ਦੇ ਧਾਰੀ ਗੋਟੇ ਉਰਰਬਾਗੀ ‘ਚ ਸੰਯੁਕਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ।
ਉਨ੍ਹਾਂ ਦੱਸਿਆ ਕਿ 20 ਮਿੰਟ ਤੋਂ ਵੱਧ ਸਮੇਂ ਤੱਕ ਚੱਲੀ ਗੋਲੀਬਾਰੀ ‘ਚ ਸ਼ੁਰੂਆਤੀ ਤੌਰ ‘ਤੇ ਇਕ ਅਧਿਕਾਰੀ ਅਤੇ ਇਕ ਪੁਲਿਸ ਮੁਲਾਜ਼ਮ ਸਮੇਤ ਚਾਰ ਫੌਜੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫੌਜ ਨੇ ਕਿਹਾ ਕਿ ਇਲਾਕੇ ‘ਚ ਵਾਧੂ ਫੌਜ ਭੇਜੀ ਗਈ ਹੈ ਅਤੇ ਆਖਰੀ ਖਬਰਾਂ ਮਿਲਣ ਤੱਕ ਮੁਹਿੰਮ ਜਾਰੀ ਸੀ।
ਹਾਲ ਹੀ ਦੇ ਦਿਨਾਂ ‘ਚ ਜੰਮੂ ਖੇਤਰ ‘ਚ ਅੱਤਵਾਦੀ ਗਤੀਵਿਧੀਆਂ ‘ਚ ਵਾਧਾ ਦੇਖਿਆ ਗਿਆ ਹੈ। ਖਾਸ ਕਰਕੇ ਪੁਣਛ, ਡੋਡਾ, ਰਾਜੌਰੀ ਅਤੇ ਰਿਆਸੀ ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ। ਹਮਲਿਆਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਦੂਜੇ ਪਾਸੇ ਅੱਤਵਾਦੀ ਸੁਰੱਖਿਆ ਬਲਾਂ ਨੂੰ ਗੁੰਮਰਾਹ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਅੱਤਵਾਦੀਆਂ ਕੋਲ ਅਤਿ ਆਧੁਨਿਕ ਹਥਿਆਰ ਵੀ ਹਨ।