Washington- ਹਵਾਈ ਟਾਪੂ ਦੇ ਜੰਗਲਾਂ ’ਚ ਲੱਗੀ ਘਾਤਕ ਅੱਗ ਕਾਰਨ ਸਰਕਾਰ ਦੇ ਰਵੱਈਏ ਦੀ ਹਰ ਪਾਸੇ ਹੋ ਰਹੀ ਆਲੋਚਨਾ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਹਵਾਈ ਦੀ ਯਾਤਰਾ ਕਰਨਗੇ ਅਤੇ ਜਿਲ ਬਾਇਡਨ ਉਨ੍ਹਾਂ ਦੇ ਨਾਲ ਜਾਣਗੇ। ਬੀਤੇ ਦਿਨ ਮਿਲਵੈਕੀ ਵਿਖੇ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਸੂਬੇ ’ਚ ਲੋਕਾਂ ਨੂੰ ਲੋੜ ਮੁਤਾਬਕ ਹਰ ਚੀਜ਼ ਮਿਲੇ। ਇੱਥੇ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 101 ਹੋ ਗਈ ਹੈ, ਜਦਕਿ 1,300 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਹਵਾਈ ਵਾਸੀਆਂ ਨੇ ਇਸ ਆਫ਼ਤ ਪ੍ਰਤੀ ਫੈਡਰਲ ਸਰਕਾਰ ਦੇ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ ਹੈ। ਬੀਤੇ ਹਫ਼ਤੇ ਜਦੋਂ ਡੇਲਾਵੇਅਰ ਦੇ ਰੋਹੋਬੋਥ ਬੀਚ ’ਤੇ ਜਦੋਂ ਇੱਕ ਪੱਤਰਕਾਰ ਨੇ ਹਵਾਈ ’ਚ ਵਧਦੀਆਂ ਮੌਤਾਂ ਬਾਰੇ ਬਾਈਡਨ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਸੇ ਵੀ ਤਰ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਬੀਤੇ ਦਿਨ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਦੌਰਾ ਨਹੀਂ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਅਜਿਹਾ ਕਰਨ ਨਾਲ ਸਰੋਤਾਂ ਅਤੇ ਮਾਨਵਤਾਵਾਦੀ ਜਵਾਬਾਂ ਤੋਂ ਧਿਆਨ ਹੱਟ ਜਾਵੇਗਾ। ਉਨ੍ਹਾਂ ਕਿਹਾ, ‘‘ਮੈਂ ਰਸਤੇ ’ਚ ਨਹੀਂ ਆਉਣਾ ਚਾਹੁੰਦਾ। ਮੈਂ ਬਹੁਤ ਸਾਰੇ ਤਬਾਹੀ ਵਾਲੇ ਖੇਤਰਾਂ ’ਚ ਗਿਆ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਅਸੀਂ ਚੱਲ ਰਹੇ ਰਿਕਵਰੀ ਯਤਨਾਂ ’ਚ ਵਿਘਨ ਨਾ ਪਾਈਏ।’’
ਦੱਸ ਦਈਏ ਕਿ ਹਵਾਈ ’ਚ ਚੱਲ ਰਹੇ ਰਾਹਤ ਕਾਰਜਾਂ ’ਚ ਮਦਦ ਲਈ ਹੁਣ ਤੱਕ 500 ਤੋਂ ਵੱਧ ਸੰਘੀ ਐਮਰਜੈਂਸੀ ਕਰਮਚਾਰੀ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ’ਚ 50 ਖੋਜ ਅਤੇ ਬਚਾਅ ਮਾਹਰ ਸ਼ਾਮਿਲ ਹਨ। ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਮਾਉਈ ’ਚ ਲੋਕਾਂ ਦੀ ਮਦਦ ਲਈ ਹੋਰ ਕਰਮਚਾਰੀ ਭੇਜੇ ਜਾ ਰਹੇ ਹਨ।