ਵੈਸਟਜੈੱਟ ਵਲੋਂ ਟੋਰਾਂਟੋ ਅਤੇ ਮਾਂਟਰੀਆਲ ਵਿਚਾਲੇ ਹਵਾਈ ਸੇਵਾਵਾਂ ਮੁਅੱਤਲ ਕਰਨ ਦਾ ਫ਼ੈਸਲਾ

Ottawa- ਵੈਸਟਜੈੱਟ ਏਅਰਨਾਲਈਨ ਨੇ ਇਸ ਸਰਦੀਆਂ ਦੇ ਮੌਸਮ ’ਚ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਟੋਰਾਂਟੋ ਅਤੇ ਮਾਂਟਰੀਆਲ ਵਿਚਾਲੇ ਵਿਚਕਾਰ ਅਸਥਾਈ ਤੌਰ ’ਤੇ ਉਡਾਣਾਂ ਨੂੰ ਮੁਅੱਤਲ ਕਰ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਏਅਰਲਾਈਨ ਦਾ ਕਹਿਣਾ ਹੈ ਕਿ ਉਸ ਵਲੋਂ ਅਗਲੀ ਬਸੰਤ ਸੀਜ਼ਨ ਦੌਰਾਨ ਇਸ ਰੂਟ ’ਤੇ ਹਵਾਈ ਸੇਵਾ ਨੂੰ ਮੁੜ ਬਹਾਲ ਕਰਨ ਦੀ ਯੋਜਨਾ ਹੈ। ਕੈਲਗਰੀ-ਅਧਾਰਿਤ ਏਅਰਲਾਈਨ ਨੇ ਬੁੱਧਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ।
ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਡੀ ਕਾਰਗੁਜ਼ਾਰੀ ਦੇ ਨਤੀਜੇ ਅਤੇ ਇਸ ਸਰਦੀਆਂ ਵਿਚ ਪੂਰਬੀ ਕੈਨੇਡਾ ਵਿਚ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਸਾਡੀ ਰਣਨੀਤੀ ਨਾਲ ਇਕਸੁਰ ਹੋਣ, ਪੱਛਮੀ ਕੈਨੇਡਾ ਵਿਚ ਨਾਨ-ਸਟਾਪ ਕੁਨੈਕਟੀਵਿਟੀ ਅਤੇ ਕਿਫ਼ਾਇਤੀ ਉਡਾਣਾਂ ਉਪਲਬਧ ਕਰਵਾਉਣ ਦੇ ਫਲਸਰੂਪ ਟੋਰਾਂਟੋ ਅਤੇ ਮਾਂਟਰੀਆਲ ਦਰਮਿਆਨ ਉਡਾਣਾਂ ਨੂੰ ਅਸਥਾਈ ਤੌਰ ‘ਤੇ ਰੋਕਿਆ ਗਿਆ ਹੈ। ਵੈਸਟਜੈੱਟ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਅਪ੍ਰੈਲ ’ਚ ਸੇਵਾ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਦੱਸਣਯੋਗ ਹੈ ਕਿ ਪਾਇਲਟਾਂ ਦੀ ਕਮੀ ਕੈਨੇਡਾ ’ਚ ਹਵਾਈ ਯਾਤਰਾ ਦੀ ਗੜਬੜ ਨੂੰ ਹੋਰ ਵੀ ਬਦਤਰ ਬਣਾ ਰਹੀ ਹੈ। ਜੌਨ ਗ੍ਰੇਡਕ, ਏਅਰ ਕੈਨੇਡਾ ਦੇ ਇੱਕ ਸਾਬਕਾ ਕਾਰਜਕਾਰੀ ਜੋ ਹੁਣ ਮੈਕਗਿਲ ਯੂਨੀਵਰਸਿਟੀ ’ਚ ਹਵਾਬਾਜ਼ੀ ਪ੍ਰਬੰਧਨ ਬਾਰੇ ਲੈਕਚਰ ਦਿੰਦੇ ਹਨ, ਦਾ ਕਹਿਣਾ ਹੈ ਕਿ ਇਹ ਕਦਮ ਪੱਛਮੀ ਕੈਨੇਡਾ ’ਚ ਆਪਣੀਆਂ ਸ਼ਕਤੀਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਵੈਸਟਜੈੱਟ ਦੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ, ‘‘ਇਸ ਲਈ ਉਹ ਲੰਬੀ ਦੂਰੀ ਦੀਆਂ ਕੈਨੇਡੀਆਈ ਉਡਾਣਾਂ ਲਈ ਮਾਂਟਰੀਆਲ ਅਤੇ ਟੋਰਾਂਟੋ ਤੋਂ ਵਪਾਰ ਕਰ ਰਹੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਹੁਣ ਉਹ ਮਾਂਟਰੀਆਲ ਅਤੇ ਟੋਰਾਂਟੋ ’ਚ ਮੌਜੂਦ ਸੰਪਤੀਆਂ ਦੀ ਵਰਤੋਂ ਹੋਰਨਾਂ ਲੰਬੀ ਦੂਰੀ ਦੇ ਬਾਜ਼ਾਰਾਂ ਲਈ ਉਡਾਣ ਭਰਨ ਲਈ ਕਰ ਰਹੇ ਹਨ ਅਤੇ (ਕੈਲਗਰੀ) ਤੋਂ ਆਉਣ-ਜਾਣ ਲਈ ਨਾਨ-ਸਟਾਪ ਸੇਵਾਵਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।’’
ਏਅਰ ਕੈਨੇਡਾ ਨੇ ਵੀ ਹਾਲ ਹੀ ਵਿਚ ਕੈਲਗਰੀ ਤੋਂ 6 ਅਹਿਮ ਹਵਾਈ ਰੂਟਸ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਪਾਇਲਟਾਂ ਦੀ ਘਾਟ ਕਾਰਨ ਏਅਰ ਕੈਨੇਡਾ ਨੂੰ ਕੈਲਗਰੀ ਤੋਂ ਓਟਾਵਾ, ਹੈਲੀਫ਼ੈਕਸ, ਲੌਸ ਏਂਜਲਸ, ਹੌਨੋਲੁਲੂ, ਕਾਨਕੂਨ ਅਤੇ ਫ਼੍ਰੈਂਕਫ਼ਰਟ ਦੀਆਂ ਸਿੱਧੀਆਂ ਉਡਾਣਾਂ ਬੰਦ ਕਰਨੀਆਂ ਪਈਆਂ।