ਨਵੀਂ ਦਿੱਲੀ- ਕਾਂਗਰਸ ਦੇ ਚਿੰਤਨ ਸ਼ਿਵਰ ਦਾ ਆਖਿਰ ਮਕਸਦ ਕੀ ਸੀ ਇਹ ਸਾਫ ਨਹੀਂ ਹੋ ਪਾ ਰਿਹਾ ਹੈ। ਸੂਬਿਆਂ ਤੋਂ ਲੈ ਕੇ ਕੇਂਦਰੀ ਗੜ੍ਹ ਦਿੱਲੀ ਤੋਂ ਵੱਡੇ ਲੀਡਰ ਪਾਰਟੀ ਦਾ ਸਾਥ ਛੱਡ ਕੇ ਜਾ ਰਹੇ ਹਨ । ਹੁਣ ਪਾਰਟੀ ਦੇ ਸੀਨੀਅਰ ਨੇਤਾ ਅਤੇ ਦੇਸ਼ ਦੇ ਮਸ਼ਹੂਰ ਵਕੀਲ ਕਪਿਲ ਸਿੱਬਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ । ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਆਪਣੀ ਪਾਰਟੀ ਛੱਡ ਕੇ ਸਮਾਜਵਾਦੀ ਪਾਰਟੀ ਤੋਂ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਭਰੀ ਹੈ। ਕਪਿਲ ਸਿੱਬਲ ਨੇ ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਦੀ ਮੌਜੂਦਗੀ ‘ਚ ਨਾਮਜ਼ਦਗੀ ਦਾਖਲ ਕੀਤੀ। ਸਪਾ ਦੇ ਸਮਰਥਨ ਨਾਲ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਤੋਂ ਬਾਅਦ ਕਪਿਲ ਸਿੱਬਲ ਨੇ ਦੱਸਿਆ ਕਿ ਉਨ੍ਹਾਂ ਨੇ 16 ਮਈ ਨੂੰ ਕਾਂਗਰਸ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ।