ਲਾਰੈਂਸ ਬਿਸ਼ਨੋਈ ਨੂੰ ਜਲੰਧਰ ਅਦਾਲਤ ‘ਚ ਕੀਤਾ ਪੇਸ਼, ਮਿਲਿਆ ਰਿਮਾਂਡ

ਜਲੰਧਰ- ਤਿੰਨ ਕਤਲਾਂ ਤੇ ਹਥਿਆਰਾਂ ਦੀ ਸਪਲਾਈ ਦੇ ਮਾਮਲੇ ‘ਚ ਜਲੰਧਰ ਪੁਲਿਸ ਨੂੰ ਲੋੜੀਂਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਲੰਧਰ ਪੁਲਿਸ ਮੋਗਾ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ । ਜਲੰਧਰ ਪੁਲਿਸ ਨੇ ਉਸ ਦਾ 10 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਥਾਣਾ ਪੰਜ ਦੀ ਪੁਲਿਸ ਨੇ ਉਸ ਖ਼ਿਲਾਫ਼ ਅਸਲਾ ਸਪਲਾਈ ਕਰਨ ਦਾ ਕੇਸ ਦਰਜ ਕੀਤਾ ਸੀ, ਇਸੇ ਕੇਸ ‘ਚ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਐਫਆਈਆਰ ਨੰ.- 83 ਮਿਤੀ 17-5-22 ਥਾਣਾ 5 ਵਿਖੇ ਧਾਰਾ 25-54-59 ਆਰਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਪੁਲਿਸ ਨੇ ਬਠਿੰਡਾ ਅਦਾਲਤ ‘ਚ ਲਾਰੈਂਸ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਦੀ ਅਪੀਲ ਕੀਤੀ ਸੀ, ਪਰ ਉਦੋਂ ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਿਸ ‘ਤੇ ਝੂਠੇ ਐਨਕਾਊਂਟਰ ‘ਚ ਉਸ ਨੂੰ ਮਰਵਾ ਦੇਣ ਜਾਂ ਦੂਸਰੀ ਗੈਂਗ ਦੇ ਹੱਥੋਂ ਹੱਤਿਆ ਹੋਣ ਦੇ ਖਦਸ਼ੇ ਦੇ ਚੱਲਦੇ ਇਸ ਦਾ ਵਿਰੋਧ ਕੀਤਾ ਸੀ।

ਇਸ ਤੋਂ ਬਾਅਦ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ ਨਹੀਂ ਮਿਲਿਆ ਸੀ। ਕੁਝ ਦਿਨ ਪਹਿਲਾਂ ਲੁਧਿਆਣਾ ‘ਚ ਪੇਸ਼ੀ ਦੌਰਾਨ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਦੌਰਾਨ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਿਸ ਕਾਮਯਾਬ ਨਹੀਂ ਹੋ ਸਕੀ। ਸ਼ੁੱਕਰਵਾਰ ਨੂੰ ਮੋਗਾ ਦੀ ਅਦਾਲਤ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਪ੍ਰਾਪਤ ਹੋਏ, ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਸਖ਼ਤ ਸੁਰੱਖਿਆ ਵਿਚਕਾਰ ਉਸ ਨੂੰ ਬਖ਼ਤਰਬੰਦ ਗੱਡੀਆਂ ‘ਚ ਲੋਕਾਂ ਸਾਹਮਣੇ ਲਿਆਂਦਾ ਤੇ ਅਦਾਲਤ ‘ਚ ਪੇਸ਼ ਕੀਤਾ। ਇਸ ਦੌਰਾਨ ਅਦਾਲਤੀ ਕੰਪਲੈਕਸ ਪੂਰੀ ਤਰ੍ਹਾਂ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ। ਹਰ ਆਉਣ-ਜਾਣ ਵਾਲੇ ਦੀ ਪੁਲਿਸ ਤਲਾਸ਼ੀ ਲੈ ਰਹੀ ਸੀ।